ਜੰਤਰ-ਮੰਤਰ ‘ਤੇ ‘ਆਪ’ ਦੀ ਰੈਲੀ ਦੌਰਾਨ ਕੇਜਰੀਵਾਲ ਦੇ ਤਿੱਖੇ ਬੋਲ, PM ਮੋਦੀ ਨੂੰ ਲੈ ਕੇ ਕਹੀਆਂ ਇਹ ਗੱਲਾਂ

ਨਵੀਂ ਦਿੱਲੀ/ਚੰਡੀਗੜ੍ਹ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਵੀਰਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਆਮ ਆਦਮੀ ਪਾਰਟੀ ਨੇ ਰੈਲੀ ਕੀਤੀ। ਇਸ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ‘ਆਪ’ ਦੇ ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਸ਼ਿਰਕਤ ਕੀਤੀ।

ਲੋਕਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਵਿੱਚ ਪੋਸਟਰ ਚਿਪਕਾਉਣ ਦੀ ਐੱਫ.ਆਈ.ਆਰ ’ਤੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਗੁਲਾਮ ਭਾਰਤ ਵਿੱਚ ਵੀ ਪੋਸਟਰ ਚਿਪਕਾਉਣ ਲਈ ਅੰਗ਼ਰੇਜ਼ਾਂ ਨੇ ਵੀ ਐੱਫ.ਆਈ.ਆਰਜ਼ ਦਰਜ ਨਹੀਂ ਕੀਤੀਆਂ ਸੀ, ਪਰ ‘ਮੋਦੀ ਹਟਾਓ, ਦੇਸ਼ ਬਚਾਓ’ ਦੇ ਪੋਸਟਰ ਚਿਪਕਾਉਣ ਲਈ 24 ਘੰਟਿਆਂ ਵਿੱਚ ਹੀ ਮੋਦੀ ਸਰਕਾਰ ਨੇ ਸਾਡੇ ਖਿਲਾਫ਼ ਐੱਫ.ਆਈ.ਆਰ. ਕਰ ਦਿੱਤੀ। ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਹ 6 ਲੋਕ ਗਰੀਬ ਆਦਮੀ ਹਨ। ਆਖ਼ਰ ਪ੍ਰਧਾਨ ਮੰਤਰੀ ਨੂੰ ਕਿਸ ਗੱਲ ਦਾ ਡਰ ਹੈ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੋਸਟਰ ਲਗਾਉਣਾ ਲੋਕਾਂ ਦਾ ਅਧਿਕਾਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਵਾਲਿਆਂ ਨੇ ਮੇਰੇ ਖ਼ਿਲਾਫ਼ ਪੋਸਟਰ ਲਾਏ ਹਨ ਪਰ ਮੈਂ ਪੁਲਸ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਖ਼ਿਲਾਫ਼ ਐੱਫ.ਆਈ.ਆਰ ਦਰਜ ਨਾ ਕਰੇ ਅਤੇ ਕਿਸੇ ਨੂੰ ਗ੍ਰਿਫ਼ਤਾਰ ਨਾ ਕਰੇ। ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਨਫ਼ਰਤ ਦੀ ਰਾਜਨੀਤੀ ਨਹੀਂ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵੇਰ ਤੋਂ ਸ਼ਾਮ ਤੱਕ ਨਾਰਾਜ਼ ਰਹਿੰਦੇ ਹਨ, ਕੀ ਉਨ੍ਹਾਂ ਦੀ ਸਿਹਤ ਠੀਕ ਹੈ।  ਸੀ.ਐੱਮ ਨੇ ਕਿਹਾ ਕਿ ਮੈਨੂੰ ਇੱਕ ਭਾਜਪਾ ਵਰਕਰ ਨੇ ਦੱਸਿਆ ਕਿ ਮੋਦੀ ਜੀ 18-18 ਘੰਟੇ ਕੰਮ ਕਰਦੇ ਹਨ। ਉਹ ਸਿਰਫ਼ ਤਿੰਨ ਘੰਟੇ ਸੌਂਦੇ ਹਨ। ਕੇਜਰੀਵਾਲ ਨੇ ਕਿਹਾ ਜਦੋਂ ਮੈਂ ਪੁੱਛਿਆ ਕਿ ਤਿੰਨ ਘੰਟੇ ਦੀ ਨੀਂਦ ਨਾਲ ਕੰਮ ਕਿਵੇਂ ਹੋ ਜਾਂਦਾ ਹੈ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਦਿਨ ਭਰ ਗੁੱਸੇ ਵਿਚ ਰਹਿੰਦੇ ਹਨ, ਇਸ ਲਈ ਉਹ ਸੌਂ ਨਹੀਂ ਸਕਦੇ, ਜੇਕਰ ਪ੍ਰਧਾਨ ਮੰਤਰੀ ਸਿਹਤਮੰਦ ਹੋਣਗੇ ਤਾਂ ਹੀ ਦੇਸ਼ ਸੁਰੱਖਿਅਤ ਰਹੇਗਾ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ‘ਮੋਦੀ ਹਟਾਓ, ਦੇਸ਼ ਬਚਾਓ’ ਦੇ ਪੋਸਟਰ ਲਗਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ 6 ਲੋਕਾਂ ਨੂੰ ਰਿਹਾਅ ਕੀਤਾ ਜਾਵੇ।

Add a Comment

Your email address will not be published. Required fields are marked *