ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਮੁਖੀ ਬਣਾਉਣ ਲਈ ਸਮਰਥਨ ਦੇਣ ਸਬੰਧੀ ਚੀਨ ਦਾ ਰੁਖ ਸ਼ੱਕੀ

ਪੇਈਚਿੰਗ – ਚੀਨ ਨੇ ਬੁੱਧਵਾਰ ਨੂੰ ਵਿਸ਼ਵ ਬੈਂਕ ਦੀ ਅਗਵਾਈ ਲਈ ਮੰਨੇ-ਪ੍ਰਮੰਨੇ ਭਾਰਤੀ-ਅਮਰੀਕੀ ਉਦਯੋਗਪਤੀ ਅਜੈ ਬੰਗਾ ਦੇ ਸਮਰਥਨ ਨੂੰ ਲੈ ਕੇ ਸ਼ੱਕ ਜਤਾਇਆ ਹੈ। ਉਸ ਨੇ ਕਿਹਾ ਹੈ ਕਿ ਉਸ ਲਈ ਯੋਗਤਾ ਦੇ ਆਧਾਰ ‘ਤੇ ਹੋਰ ਸੰਭਾਵੀ ਉਮੀਦਵਾਰਾਂ ਨੂੰ ਸਮਰਥਨ ਦੇਣ ਦੇ ਵਿਕਲਪ ਖੁੱਲ੍ਹਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ 63 ਸਾਲਾ ਬੰਗਾ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ। ਅਮਰੀਕਾ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਬੰਗਾ ਚੀਨ ਦਾ ਦੌਰਾ ਕਰਨ ਵਾਲੇ ਹਨ। ਦੌਰੇ ਦੌਰਾਨ ਉਹ ਪੀਪਲਜ਼ ਬੈਂਕ ਆਫ ਚਾਈਨਾ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਆਪਣੀ ਉਮੀਦਵਾਰੀ ਲਈ ਚੀਨ ਦਾ ਸਮਰਥਨ ਮੰਗਣਗੇ। 

ਇਹ ਪੁੱਛੇ ਜਾਣ ‘ਤੇ ਕਿ ਕੀ ਚੀਨ ਬੰਗਾ ਦਾ ਸਮਰਥਨ ਕਰੇਗਾ, ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਇੱਥੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ, ‘ਅਸੀਂ ਅਮਰੀਕਾ ਵੱਲੋਂ ਨਾਮਜ਼ਦ ਉਮੀਦਵਾਰ ‘ਤੇ ਵਿਚਾਰ ਕੀਤਾ ਹੈ ਅਤੇ ਹੋਰ ਸੰਭਾਵਿਤ ਉਮੀਦਵਾਰਾਂ ਲਈ ਵੀ ਸਾਡਾ ਵਿਕਲਪ ਖੁੱਲ੍ਹਾ ਹੈ।’ ਉਨ੍ਹਾਂ ਕਿਹਾ ਕਿ ਵਿਸ਼ਵ ਬੈਂਕ ਵਿਸ਼ਵ ਦੀ ਸਭ ਤੋਂ ਪ੍ਰਭਾਵਸ਼ਾਲੀ ਬਹੁਪੱਖੀ ਵਿਕਾਸ ਸੰਸਥਾ ਹੈ ਅਤੇ ਵਿਸ਼ਵ ਗ਼ਰੀਬੀ ਘਟਾਉਣ ਅਤੇ ਵਿਕਾਸ ਦੇ ਲਿਹਾਜ਼ ਨਾਲ ਬਹੁਤ ਮਹੱਤਵ ਰੱਖਦਾ ਹੈ। ਵੇਨਬਿਨ ਨੇ ਕਿਹਾ, ‘ਵਿਸ਼ਵ ਬੈਂਕ ਦੇ ਇਕ ਪ੍ਰਮੁੱਖ ਹਿੱਸੇਦਾਰ ਵਜੋਂ ਚੀਨ ਮੁਖੀ ਦੇ ਅਹੁਦੇ ਲਈ ਖੁੱਲ੍ਹੀ, ਪਾਰਦਰਸ਼ੀ ਅਤੇ ਯੋਗਤਾ ਆਧਾਰਿਤ ਚੋਣ ਪ੍ਰਕਿਰਿਆ ਕਰਵਾਉਣ ਲਈ ਸਾਰੇ ਪੱਖਾਂ ਨਾਲ ਕੰਮ ਕਰਨ ਲਈ ਤਿਆਰ ਹੈ।’ ਉਨ੍ਹਾਂ ਮੀਡੀਆ ਨੂੰ ਇਹ ਵੀ ਕਿਹਾ ਕਿ ਉਹ ਇਸ ਬਾਰੇ ਸਮਰੱਥ ਅਧਿਕਾਰੀ ਨੂੰ ਪੁੱਛਣ। ਬਾਈਡੇਨ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਅਮਰੀਕਾ ਬੰਗਾ ਨੂੰ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਨਾਮਜ਼ਦ ਕਰ ਰਿਹਾ ਹੈ।

Add a Comment

Your email address will not be published. Required fields are marked *