ਰਾਸ਼ਟਰਪਤੀ ਵੱਲੋਂ ਉੱਘੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਦਾ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨ

ਨਵੀਂ ਦਿੱਲੀ : ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਸ਼ਾਮ ਇੱਥੇ ਰਾਸ਼ਟਰਪਤੀ ਭਵਨ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਉੱਘੇ ਵਿੱਦਿਅਕ ਮਾਹਿਰ ਅਤੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਨੂੰ ਵੱਕਾਰੀ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਡਾ. ਰਤਨ ਸਿੰਘ ਜੱਗੀ ਨੂੰ ਰਾਸ਼ਟਰਪਤੀ ਵੱਲੋਂ ਇਹ ਪੁਰਸਕਾਰ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕਈ ਕੇਂਦਰੀ ਮੰਤਰੀਆਂ ਦੀ ਹਾਜ਼ਰੀ ਵਿੱਚ ਦਿੱਤਾ ਗਿਆ। ਡਾ. ਜੱਗੀ ਨੂੰ ਇਹ ਪੁਰਸਕਾਰ ਸਿੱਖਿਆ ਅਤੇ ਸਾਹਿਤ ਦੇ ਖੇਤਰ ‘ਚ ਪਾਏ ਵੱਡਮੁੱਲੇ ਯੋਗਦਾਨ ਲਈ ਦਿੱਤਾ ਗਿਆ ਹੈ। 90 ਸਾਲ ਤੋਂ ਵੀ ਵੱਧ ਉਮਰ ਦੇ ਡਾ. ਜੱਗੀ ਹਿੰਦੀ ਅਤੇ ਪੰਜਾਬੀ ਦੇ ਉੱਘੇ ਵਿਦਵਾਨ ਹਨ ਅਤੇ ਉਨ੍ਹਾਂ ਕੋਲ ਗੁਰਮਤਿ ਅਤੇ ਭਗਤੀ ਲਹਿਰ ਸਾਹਿਤ ਦੀ ਵਿਸ਼ੇਸ਼ ਮੁਹਾਰਤ ਹੈ।

ਦੱਸਣਯੋਗ ਹੈ ਕਿ ਡਾ. ਰਤਨ ਸਿੰਘ ਜੱਗੀ ਨੂੰ ‘ਸਾਹਿਤ ਅਕਾਦਮੀ, ਨਵੀਂ ਦਿੱਲੀ’ ਵੱਲੋਂ ਸਾਲ 1989 ‘ਚ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਰਵਉੱਚ ਪੁਰਸਕਾਰ ‘ਪੰਜਾਬੀ ਸਾਹਿਤ ਸ਼੍ਰੋਮਣੀ (ਰਤਨ)’ 1996 ਵਿਚ ਦਿੱਤਾ ਗਿਆ। 1964 ਤੋਂ ਲੈ 1976 ਤੱਕ 8 ਵਾਰ ਉਨ੍ਹਾਂ ਦੀਆਂ ਕਿਤਾਬਾਂ ਨੂੰ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵੱਲੋਂ ਪਹਿਲਾ ਇਨਾਮ ਦਿੱਤਾ ਜਾਂਦਾ ਰਿਹਾ। ਹਰਿਆਣਾ ਸਰਕਾਰ ਵੱਲੋਂ ਵੀ ਉਨ੍ਹਾਂ ਦੀ ਕਿਤਾਬ ਤੇ ਪਹਿਲਾ ਇਨਾਮ 1968 ਵਿੱਚ ਦਿੱਤਾ ਗਿਆ।

ਦਿੱਲੀ ਸਰਕਾਰ ਹੇਠ ਪੰਜਾਬੀ ਅਕਾਦਮੀ ਵੱਲੋਂ 2010 ‘ਚ ‘ਪਰਮ ਸਾਹਿਤ ਸਨਮਾਨ’ ਦਿੱਤਾ ਗਿਆ। ਉੱਤਰ ਪ੍ਰਦੇਸ਼ ਸਰਕਾਰ ਦੇ ਹਿੰਦੀ ਸੰਸਥਾਨ ਵੱਲੋਂ 1996 ਵਿੱਚ ‘ਸੋਹਾਰਦ ਪੁਰਸਕਾਰ’ ਦਿੱਤਾ ਗਿਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਨੂੰ ਦੇਖਦਿਆਂ 2014 ਵਿੱਚ ਆਨਰੇਰੀ ਡੀ. ਲਿਟ. ਦੀ ਡਿਗਰੀ ਦਿੱਤੀ ਗਈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ 2015 ‘ਚ ਆਨਰੇਰੀ ਡੀ. ਲਿਟ. ਦੀ ਡਿਗਰੀ ਦਿੱਤੀ ਗਈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਅਹਿਮ ਸਾਹਿਤਕ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਡਾ. ਰਤਨ ਸਿੰਘ ਜੱਗੀ ਦੀਆਂ ਸੇਵਾਵਾਂ ਨੂੰ ਵਾਚਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।

Add a Comment

Your email address will not be published. Required fields are marked *