ਪਾਰਟੀ ਦਾ ਚੋਣ ਨਿਸ਼ਾਨ ਚੋਰੀ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਦੀ ਲੋੜ: ਊਧਵ ਠਾਕਰੇ

ਮੁੰਬਈ, 18 ਫਰਵਰੀ-: ਚੋਣ ਕਮਿਸ਼ਨ ਵੱਲੋਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਵਿਰੋਧੀ ਧੜੇ ਨੂੰ ਅਸਲ ਸ਼ਿਵ ਸੈਨਾ ਵਜੋਂ ਪਛਾਣ ਦਿੰਦਿਆਂ ਚੋਣ ਨਿਸ਼ਾਨ ਤੀਰ-ਕਮਾਨ ਅਲਾਟ ਕੀਤੇ ਜਾਣ ਤੋਂ ਇਕ ਦਿਨ ਬਾਅਦ ਅੱਜ ਸ਼ਿਵ ਸੈਨਾ (ਊਧਵ ਬਾਲਾਸਾਹੇਬ ਠਾਕਰੇ) ਦੇ ਮੁਖੀ ਊਧਵ ਠਾਕਰੇ ਨੇ ਆਪਣੇ ਸਮਰਥਕਾਂ ਨੂੰ ਕਥਿਤ ਤੌਰ ’ਤੇ ਪਾਰਟੀ ਦਾ ਚੋਣ ਨਿਸ਼ਾਨ ਚੋਰੀ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਦਾ ਸੱਦਾ ਦਿੱਤਾ ਹੈ।

ਬਾਂਦਰਾ ਵਿੱਚ ਸਥਿਤ ਆਪਣੀ ਰਿਹਾਇਸ਼ ‘ਮਾਤੋਸ੍ਰੀ’ ਦੇ ਬਾਹਰ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਊਧਵ ਨੇ ਕਿਹਾ ਕਿ ਉਨ੍ਹਾਂ ਨੂੰ ਚੋਣਾਂ ਦੀਆਂ ਤਿਆਰੀਆਂ ਆਰੰਭ ਦੇਣੀਆਂ ਚਾਹੀਦੀਆਂ ਹਨ। ਬੀਤੇ ਦਿਨ ਚੋਣ ਕਮਿਸ਼ਨ ਵੱਲੋਂ ਊਧਵ ਠਾਕਰੇ ਨੂੰ ਉਸ ਪਾਰਟੀ ’ਤੇ ਕੰਟਰੋਲ ਤੋਂ ਵਾਂਝਾ ਕਰ ਦਿੱਤਾ ਗਿਆ ਸੀ ਜਿਸ ਦੀ ਸਥਾਪਨਾ ਉਨ੍ਹਾਂ ਦੇ ਪਿਤਾ ਬਾਲ ਠਾਕਰੇ ਨੇ 1996 ਵਿੱਚ ਕੀਤੀ ਸੀ। ਇਹ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਬ੍ਰਿਹਨਮੁੰਬਈ ਨਗਰ ਨਿਗਮ ਦੀਆਂ ਚੋਣਾਂ ਹੋਣ ਵਾਲੀਆਂ ਹਨ।

ਠਾਕਰੇ ਨੇ ਕਿਹਾ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਗੁਲਾਮ ਬਣ ਚੁੱਕੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਨ ਦੇ ਬਾਵਜੂਦ ਉਹ ਸ਼ਿਵ ਸੈਨਾ ਨੂੰ ਕਦੇ ਖ਼ਤਮ ਨਹੀਂ ਕਰ ਸਕਣਗੇ।

ਉਨ੍ਹਾਂ ਆਖਿਆ, ‘‘ਕੀ ਤੁਸੀਂ ਡਰੇ ਹੋਏ ਹੋ? ਮੇਰੇ ਕੋਲ ਤੁਹਾਨੂੰ ਦੇਣ ਲਈ ਇਸ ਵੇਲੇ ਕੁਝ ਨਹੀਂ ਹੈ।’’ ਇਸ ’ਤੇ ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਉਹ ਡਰੇ ਹੋਏ ਨਹੀਂ ਹਨ। ਉਨ੍ਹਾਂ ਊਧਵ ਨੂੰ ਅਗਲੇ ਕਦਮ ਲਈ ਹਦਾਇਤ ਦੇਣ ਦੀ ਗੱਲ ਵੀ ਆਖੀ। ਠਾਕਰੇ ਨੇ ਕਿਹਾ, ‘‘ਉਨ੍ਹਾਂ ਨੂੰ ਚੋਣਾਂ ਵਿੱਚ ਸਬਕ ਸਿਖਾਉਣ ਤੱਕ ਅਸੀਂ ਆਰਾਮ ਨਾਲ ਨਹੀਂ ਬੈਠ ਸਕਦੇ ਹਾਂ। ਤੁਰੰਤ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿਓ।’’

ਊਧਵ ਨੇ ਕਿਹਾ, ‘‘ਮਹਾਸ਼ਿਵਰਾਤਰੀ ਅੱਜ ਹੈ ਅਤੇ ਸ਼ਿਵ ਜੈਅੰਤੀ ਜਾਂ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਜਨਮ ਦਿਵਸ ਐਤਵਾਰ ਨੂੰ ਹੈ ਅਤੇ ਸ਼ਿਵ ਸੈਨਾ ਦਾ ਨਾਂ ਅਤੇ ਨਿਸ਼ਾਨ ਚੋਰੀ ਕਰਨ ਲਈ ਇਹ ਸਮਾਂ ਚੁਣਿਆ ਗਿਆ ਹੈ। ਚੋਰ ਨੇ ਖੱਖਰ ਵੱਲ ਪੱਥਰ ਸੁੱਟਿਆ ਹੈ ਪਰ ਉਸ ਨੂੰ ਮਧੂ ਮੱਖੀਆਂ ਦੇ ਡੰਗ ਦਾ ਤਜਰਬਾ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਮੁੱਖ ਮੰਤਰੀ ਸ਼ਿੰਦੇ ਚੋਰੀ ਕੀਤਾ ਤੀਰ-ਕਮਾਨ ਚਲਾ ਨਹੀਂ ਸਕਣਗੇ ਅਤੇ ਰਾਵਣ ਵਾਂਗ ਢਹਿ ਢੇਰੀ ਹੋ ਜਾਣਗੇ ਜਿਵੇਂ ਕਿ ਉਹ ਸ਼ਿਵ ਧਨੁਸ਼ ਨਹੀਂ ਸੀ ਉਠਾ ਸਕਿਆ।’’

ਸ੍ਰੀ ਠਾਕਰੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਜਿਹੇ ਵਿਵਾਦ ਵਿੱਚ ਕਦੇ ਵੀ ਚੋਣ ਕਮਿਸ਼ਨ ਨੇ ਕਿਸੇ ਇਕ ਧੜੇ ਨੂੰ ਚੋਣ ਨਿਸ਼ਾਨ ਅਤੇ ਪਾਰਟੀ ਦਾ ਨਾਂ ਨਹੀਂ ਸੀ ਦਿੱਤਾ ਬਲਕਿ ਅਜਿਹੇ ਹਾਲਾਤ ਵਿੱਚ ਚੋਣ ਨਿਸ਼ਾਨ ਨੂੰ ਜ਼ਬਤ ਕਰ ਲਿਆ ਜਾਂਦਾ ਸੀ ਪਰ ਪ੍ਰਧਾਨ ਮੰਤਰੀ ਦੇ ਗੁਲਾਮਾਂ ਨੇ ਹੁਣ ਅਜਿਹਾ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਚੋਣ ਕਮਿਸ਼ਨਰ ਸੇਵਾਮੁਕਤੀ ਤੋਂ ਬਾਅਦ ਕਿਸੇ ਸੂਬੇ ਦਾ ਰਾਜਪਾਲ ਬਣ ਸਕਦਾ ਹੈ। ਉਨ੍ਹਾਂ ਕਿਹਾ, ‘‘ਲੋਕ ਹੀ ਹੁਣ ਇਹ ਫੈਸਲਾ ਕਰਨਗੇ ਕਿ ਸ਼ਿਵ ਸੈਨਾ ਕਿਸ ਦੀ ਹੈ।’’ ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੂੰ ਮਹਾਰਾਸ਼ਟਰ ਆਉਣ ਲਈ ਬਾਲਾਸਾਹੇਬ ਠਾਕਰੇ ਦਾ ਮਾਸਕ ਪਹਿਨਣ ਦੀ ਲੋੜ ਪਈ ਸੀ। ਇਹ ਚੋਰ ਠਾਕਰੇ ਦਾ ਨਾਂ, ਬਾਲਾਸਾਹੇਬ ਦੀ ਤਸਵੀਰ ਚੁਾਹੁੰਦੇ ਹਨ ਪਰ ਸ਼ਿਵ ਸੈਨਾ ਦਾ ਪਰਿਵਾਰ ਨਹੀਂ।’’ ਉਸ ਤੋਂ ਬਾਅਦ ਠਾਕਰੇ ਨੇ ਉਨ੍ਹਾਂ ਦੇ ਵਫਾਦਾਰ ਪਾਰਟੀ ਆਗੂਆਂ ਨਾਲ ਇਕ ਮੀਟਿੰਗ ਵੀ ਕੀਤੀ। ਵਿਧਾਨਕ ਕੌਂਸਲ ਦੇ ਮੈਂਬਰ ਸਚਿਨ ਅਹੀਰ ਨੇ ਦੱਸਿਆ ਕਿ ਠਾਕਰੇ ਨੇ ਆਗੂਆਂ ਨੂੰ ਹਰੇਕ ਜ਼ਿਲ੍ਹੇ ਦਾ ਦੌਰਾ ਕਰਨ ਅਤੇ ਕੇਡਰ ਨੂੰ ਹੱਲਾਸ਼ੇਰੀ ਦੇਣ ਲਈ ਕਿਹਾ ਹੈ। –

Add a Comment

Your email address will not be published. Required fields are marked *