ਮੇਰੇ ਖ਼ਿਲਾਫ਼ ਬੇਬੁਨਿਆਦ ਦੋਸ਼ ਲਾਏ ਗਏ, ਜਵਾਬ ਦੇਣ ਦਾ ਮੈਨੂੰ ਪੂਰਾ ਹੱਕ: ਰਾਹੁਲ

ਨਵੀਂ ਦਿੱਲੀ, 21 ਮਾਰਚ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਸ ਨੂੰ ਸਦਨ ’ਚ ਜਵਾਬ ਦੇਣ ਦਾ ਪੂਰਾ ਹੱਕ ਹੈ ਕਿਉਂਕਿ ਉਸ ਖ਼ਿਲਾਫ਼ ਸਰਕਾਰ ਦੇ ਸੀਨੀਅਰ ਮੰਤਰੀਆਂ ਨੇ ਪੂਰੀ ਤਰ੍ਹਾਂ ਆਧਾਰਹੀਣ ਅਤੇ ਨਾਜਾਇਜ਼ ਦੋਸ਼ ਲਾਏ ਹਨ। ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਲਿਖੇ ਪੱਤਰ ’ਚ ਰਾਹੁਲ ਗਾਂਧੀ ਨੇ ਨਿਯਮ 357 ਦਾ ਜ਼ਿਕਰ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਰਵੀਸ਼ੰਕਰ ਪ੍ਰਸਾਦ ਦੀ ਮਿਸਾਲ ਦਿੱਤੀ ਕਿ ਪ੍ਰਸਾਦ ਨੇ ਮੰਤਰੀ ਰਹਿੰਦਿਆਂ ਸੰਸਦ ’ਚ ਜੋਤਿਰਾਦਿੱਤਿਆ ਸਿੰਧੀਆ ਵੱਲੋਂ ਕੀਤੀ ਗਈ ਟਿੱਪਣੀ ਦਾ ਜਵਾਬ ਦੇਣ ਲਈ ਇਸ ਨਿਯਮ ਦਾ ਹਵਾਲਾ ਦਿੱਤਾ ਸੀ। ਪੱਤਰ ’ਚ ਰਾਹੁਲ ਗਾਂਧੀ ਨੇ ਕਿਹਾ,‘‘ਮੈਂ ਤੁਹਾਨੂੰ ਮੁੜ ਤੋਂ ਬੇਨਤੀ ਕਰ ਰਿਹਾ ਹਾਂ। ਮੈਂ ਸੰਸਦੀ ਰਵਾਇਤ, ਸੰਵਿਧਾਨ ਤਹਿਤ ਕੁਦਰਤੀ ਨਿਆਂ ਦੇ ਨੇਮਾਂ ਅਤੇ ਨਿਯਮ 357 ਤਹਿਤ ਤੁਹਾਡੇ ਤੋਂ ਲੋਕ ਸਭਾ ’ਚ ਬੋਲਣ ਦੀ ਇਜਾਜ਼ਤ ਮੰਗ ਰਿਹਾ ਹਾਂ।’’ ਕਾਂਗਰਸ ਆਗੂ ਨੇ ਕਿਹਾ ਕਿ ਮੰਤਰੀਆਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਲੈ ਕੇ ਉਨ੍ਹਾਂ ਨੂੰ ਨਿਯਮ 357 ਤਹਿਤ ਜਵਾਬ ਦੇਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਰਾਹੁਲ ਨੇ ਇਹ ਪੱਤਰ 18 ਮਾਰਚ ਨੂੰ ਲਿਖਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਡਿਜੀਟਲ ਲਾਇਬ੍ਰੇਰੀ ’ਚ ਅਜਿਹੀਆਂ ਕਈ ਮਿਸਾਲਾਂ ਮੌਜੂਦ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮੈਂਬਰ ਨੂੰ ਸਿਰਫ਼ ਸੰਸਦ ਹੀ ਨਹੀਂ ਸਗੋਂ ਜਨਤਕ ਤੌਰ ’ਤੇ ਲਾਏ ਗਏ ਦੋਸ਼ਾਂ ਦਾ ਜਵਾਬ ਦੇਣ ਦਾ ਵੀ ਹੱਕ ਹੈ। ਰਾਹੁਲ ਨੇ ਆਸ ਪ੍ਰਗਟਾਈ ਹੈ ਕਿ ਸਪੀਕਰ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਹੋ ਕੇ ਲੋਕ ਸਭਾ ’ਚ ਛੇਤੀ ਜਵਾਬ ਦੇਣ ਦੀ ਇਜਾਜ਼ਤ ਦੇਣਗੇ। ਰਾਹੁਲ ’ਤੇ ਬਰਤਾਨੀਆ ’ਚ ਦੇਸ਼ ਵਿਰੋਧੀ ਬਿਆਨ ਦੇਣ ਦੇ ਦੋਸ਼ ਲਾਉਂਦਿਆਂ ਭਾਜਪਾ ਉਸ ਤੋਂ ਮੁਆਫ਼ੀ ਦੀ ਮੰਗ ਕਰ ਰਹੀ ਹੈ।

Add a Comment

Your email address will not be published. Required fields are marked *