ਦਿੱਲੀ ’ਚ ਖੁੱਲ੍ਹੇ ਆਸਮਾਨ ਹੇਠ ਸੌਣ ਵਾਲੇ 10 ਲੋਕਾਂ ਦੀ ਮੌਤ
![](http://mehakewattan.com/wp-content/uploads/2022/12/download-2-8.jpg)
ਨਵੀਂ ਦਿੱਲੀ : ਦਿੱਲੀ ’ਚ ਕੜਾਕੇ ਦੀ ਠੰਡ ਬੇਘਰਿਆਂ ਲਈ ਆਫ਼ਤ ਬਣ ਕੇ ਆਈ ਹੈ। ਬੀਤੇ 4 ਦਿਨਾਂ ਦੇ ਅੰਕੜਿਆਂ ਨੂੰ ਦੇਖੀਏ ਤਾਂ ਰਾਜਧਾਨੀ ਦੀਆਂ ਸੜਕਾਂ ’ਤੇ ਫੁੱਟਪਾਥ ’ਤੇ ਖੁੱਲ੍ਹੇ ’ਚ ਸੌਣ ਵਾਲੇ ਕਰੀਬ 10 ਲੋਕਾਂ ਦੀ ਜਾਨ ਚਲੀ ਗਈ ਹੈ। ਮੌਤਾਂ ਦਿੱਲੀ ਦੇ ਵੱਖ-ਵੱਖ ਸਥਾਨਾਂ ’ਤੇ ਹੋਈਆਂ। ਸੜਕ ’ਤੇ ਲਾਸ਼ਾਂ ਮਿਲਣ ਦੀ ਖ਼ਬਰ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ। ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਕਿਸੇ ਦੇ ਵੀ ਸਰੀਰ ’ਤੇ ਸੱਟ ਦੇ ਨਿਸ਼ਾਨ ਨਹੀਂ ਮਿਲੇ।
ਪੁਲਸ ਸ਼ੱਕ ਜਤਾ ਰਹੀ ਹੈ ਕਿ ਸਾਰੀਆਂ ਮੌਤਾਂ ਠੰਡ ਲੱਗਣ ਦੀ ਵਜ੍ਹਾ ਨਾਲ ਹੋਈਆਂ ਹਨ। ਡੀ. ਬੀ. ਜੀ. ਰੋਡ, ਕਸ਼ਮੀਰੀ ਗੇਟ, ਮੰਦਰ ਮਾਰਗ, ਮੰਗੋਲਪੁਰੀ ਲਾਹੌਰੀ ਗੇਟ, ਕਰੋਲ ਬਾਗ ਤੇ ਆਨੰਦ ਵਿਹਾਰ ਇਲਾਕਿਆਂ ’ਚ ਸੋਮਵਾਰ ਤੋਂ ਐਤਵਾਰ ਦੌਰਾਨ 10 ਲਾਸ਼ਾਂ ਲਾਵਾਰਿਸ ਮਿਲੀਆਂ। ਜਾਣਕਾਰੀ ਮੁਤਾਬਕ ਦਿੱਲੀ ਦੀਆਂ ਵੱਖ-ਵੱਖ ਸੜਕਾਂ ’ਤੇ 15 ਹਜ਼ਾਰ ਤੋਂ ਵੱਧ ਅਜਿਹੇ ਲੋਕ ਹਨ, ਜਿਨ੍ਹਾਂ ਦੇ ਸਿਰ ’ਤੇ ਛੱਤ ਨਹੀਂ ਹੈ। ਨਤੀਜੇ ਵਜੋਂ ਇਨ੍ਹਾਂ ਲੋਕਾਂ ਨੂੰ ਕੜਾਕੇ ਦੀ ਠੰਡ ’ਚ ਸਰਦ ਰਾਤਾਂ ’ਚ ਖੁੱਲ੍ਹੇ ਆਸਮਾਨ ਵਿੱਚ ਰਹਿਣਾ ਪੈਂਦਾ ਹੈ।
ਰਾਜਧਾਨੀ ’ਚ ਸੋਮਵਾਰ ਲਈ ਓਰੇਂਜ ਅਲਰਟ
ਰਾਜਧਾਨੀ ’ਚ ਸੋਮਵਾਰ ਨੂੰ ਠੰਡ ਹੋਰ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸੋਮਵਾਰ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਘੱਟੋ-ਘੱਟ ਤਾਪਮਾਨ ’ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ ਅਤੇ ਇਹ ਡਿੱਗ ਕੇ 4 ਡਿਗਰੀ ਤੱਕ ਪਹੁੰਚ ਸਕਦਾ ਹੈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)