ਆਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ ਕੁਲੀਆਂ ਨੂੰ ਮਿਲੇ ਰਾਹੁਲ ਗਾਂਧੀ

ਨਵੀਂ ਦਿੱਲੀ, 21 ਸਤੰਬਰ-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਆਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ ਕੁਲੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਰਾਹੁਲ ਇੱਥੇ ਕੁਲੀਆਂ ਦੀ ਲਾਲ ਕਮੀਜ਼ ਪਹਿਨ ਕੇ ਸਿਰ ’ਤੇ ਸਾਮਾਨ ਚੁੱਕਦੇ ਹੋਏ ਵੀ ਦਿਖਾਈ ਦਿੱਤੇ। ਇਸ ਮਗਰੋਂ ਉਹ ਕੁਲੀਆਂ ਨਾਲ ਬੈਠ ਗਏ ਅਤੇ ਉਨ੍ਹਾਂ ਤੋਂ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਕਾਂਗਰਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਰਾਹੁਲ ਦੀ ਕੁਲੀਆਂ ਨਾਲ ਗੱਲਬਾਤ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਲੋਕ ਨਾਇਕ ਰਾਹੁਲ ਗਾਂਧੀ ਜੀ ਅੱਜ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ ਆਪਣੇ ਕੁਲੀ ਮਿੱਤਰਾਂ ਨੂੰ ਮਿਲੇ। ਹਾਲ ਹੀ ਵਿੱਚ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ’ਚ ਰੇਲਵੇ ਸਟੇਸ਼ਨ ਦੇ ਕੁਲੀ ਮਿੱਤਰਾਂ ਨੇ ਉਨ੍ਹਾਂ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ।’ ਪਾਰਟੀ ਨੇ ਲਿਖਿਆ, ‘ਅੱਜ ਰਾਹੁਲ ਜੀ ਉਨ੍ਹਾਂ ਵਿਚਾਲੇ ਪਹੁੰਚੇ ਅਤੇ ਉਨ੍ਹਾਂ ਦੀ ਗੱਲ ਸੁਣੀ। ਭਾਰਤ ਜੋੜੋ ਯਾਤਰਾ ਜਾਰੀ ਹੈ।’ ਰਾਹੁਲ ਨੇ ਇੰਸਟਾਗ੍ਰਾਮ ’ਤੇ ਇੱਕ ਪੋਸਟ ’ਚ ਲਿਖਿਆ, ‘ਅੱਜ ਦਿੱਲੀ ’ਚ ਆਨੰਦ ਵਿਹਾਰ ਟਰਮੀਨਲ ’ਤੇ ਕੰਮ ਕਰ ਰਹੇ ਕੁਲੀ ਭਰਾਵਾਂ ਨਾਲ ਮੁਲਾਕਾਤ ਕੀਤੀ।’ ਉਨ੍ਹਾਂ ਲਿਖਿਆ, ‘ਬੜੇ ਦਿਨਾਂ ਤੋਂ ਮੇਰੀ ਇੱਛਾ ਸੀ ਅਤੇ ਉਨ੍ਹਾਂ ਮੈਨੂੰ ਬਹੁਤ ਪਿਆਰ ਨਾਲ ਬੁਲਾਇਆ ਵੀ ਸੀ ਅਤੇ ਭਾਰਤ ਦੇ ਮਿਹਨਤੀ ਭਰਾਵਾਂ ਦੀ ਇੱਛਾ ਹਰ ਹਾਲ ਵਿੱਚ ਪੂਰੀ ਹੋਣੀ ਚਾਹੀਦੀ ਹੈ।’ ਰਾਹੁਲ ਮਿਸਤਰੀਆਂ ਤੋਂ ਲੈ ਕੇ ਵਿਦਿਆਰਥੀਆਂ ਤੱਕ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਗੱਲਬਾਤ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ ਇਸ ਤਰ੍ਹਾਂ ਦੀਆਂ ਗੱਲਾਂਬਾਤਾਂ ਰਾਹੀਂ ਜਾਰੀ ਰਹੇਗੀ। ਉਨ੍ਹਾਂ ਹਾਲ ਹੀ ਵਿੱਚ ਲੱਦਾਖ ਪਹੁੰਚ ਕੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਸੀ।

Add a Comment

Your email address will not be published. Required fields are marked *