ਐਕਸ਼ਨ ਮੋਡ ’ਚ  ਪੰਜਾਬ ਸਰਕਾਰ, ਇਕ ਹੋਰ ਵੱਡਾ ਕਦਮ ਚੁੱਕਣ ਦੀ ਤਿਆਰੀ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਕ ਸਾਲ ਪੂਰਾ ਹੋਣ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ 5 ਮੰਤਰੀਆਂ ਦੇ ਵਿਭਾਗਾਂ ਵਿਚ ਬਦਲਾਅ ਕੀਤੇ ਜਾਣ ਤੋਂ ਬਾਅਦ ਹੁਣ ਤਿੰਨ ਹੋਰ ਮੰਤਰੀਆਂ ਦਾ ਵੀ ਵਿਭਾਗ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਸਾਰੇ ਮੰਤਰੀਆਂ ਦੇ ਇਕ ਸਾਲ ਦੇ ਕੰਮ ਦੀ ਸਮੀਖਿਆ ਹੋਵੇਗੀ। ਇਸ ਵਿਚ ਪਤਾ ਲਗਾਇਆ ਜਾਵੇਗਾ ਕਿ ਮੰਤਰੀਆਂ ਨੇ ਆਪਣੇ ਵਿਭਾਗਾਂ ਵਿਚ ਕਿਹੜੇ ਕੰਮ ਕੀਤੇ ਹਨ। ਜਨਤਾ ਨੂੰ ਇਸ ਨਾਲ ਕਿੰਨਾ ਲਾਭ ਮਿਲਿਆ ਹੈ। ਕੀ ਉਨ੍ਹਾਂ ਨੇ ਅਜੇ ਤਕ ਵੱਖ-ਵੱਖ ਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਇਆ ਹੈ ਜਾਂ ਨਹੀਂ। 

ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾਵੇਗਾ ਕਿ ਚੋਣ ਐਲਾਨ ਪੱਤਰ ਅਨੁਸਾਰ ਜੇ ਸੰਬੰਧਤ ਮੰਤਰੀਆਂ ਨੇ ਵਿਭਾਗ ਨਾਲ ਸੰਬੰਧਤ ਕੋਈ ਵਾਅਦਾ ਸੀ ਤਾਂ ਕੀ ਉਸ ਨੂੰ ਪੂਰਾ ਕੀਤਾ ਗਿਆ ਹੈ। ਉਸ ਦਾ ਲਾਭ ਸਾਰੇ ਜ਼ਿਲ੍ਹਿਆਂ ਨੂੰ ਮਿਲ ਰਿਹਾ ਹੈ ਜਾਂ ਨਹੀਂ। ਇਸ ਮੁਲਾਂਕਣ ਵਿਚ ਉਨ੍ਹਾਂ ਦਾ ਲੋਕਾਂ ਪ੍ਰਤੀ ਵਤੀਰਾ ਵੀ ਦੇਖਿਆ ਜਾਵੇਗਾ ਕਿ ਮੰਤਰੀ ਬਣਨ ਨਾਲ ਉਨ੍ਹਾਂ ਦੇ ਵਤੀਰੇ ਵਿਚ ਬਦਲਾਅ ਤਾਂ ਨਹੀਂ ਆਇਆ। ਮੰਤਰੀ ਲੋਕਾਂ ਨਾਲ ਮਿਲਣਸਾਰ ਹਨ ਜਾਂ ਨਹੀਂ। ਉਨ੍ਹਾਂ ਦਾ ਅਫਸਰਾਂ ਨਾਲ ਸਹੀ ਤਾਲਮੇਲ ਹੈ ਜਾਂ ਨਹੀਂ। ਇਨ੍ਹਾਂ ਸਾਰੀਆਂ ਗੱਲਾਂ ਦਾ ਮੁਲਾਂਕਣ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਇਸ ਤੋਂ ਬਾਅਦ ਹੀ ਕੋਈ ਅਗਲਾ ਫ਼ੈਸਲਾ ਲਿਆ ਜਾਵੇਗਾ। 

ਸੂਤਰਾਂ ਮੁਤਾਬਕ ਇਸ ਕੀਤੇ ਜਾ ਰਹੇ ਮੁਲਾਂਕਣ ਵਿਚ ਪਬਲਿਕ ਡੀਲਿੰਗ ਵਾਲੇ ਵਿਭਾਗਾਂ ’ਤੇ ਵਿਸ਼ੇਸ਼ ਫੌਕਸ ਰਹੇਗਾ। ਇਨ੍ਹਾਂ ਵਿਚ ਸਿੱਖਿਆ, ਮਾਈਨਿੰਗ, ਹੈੱਲਥ, ਬਿਜਲੀ, ਪਬਲਿਕ ਹੈਲਥ, ਲੋਕਲ ਬਾਡੀ ਅਤੇ ਲੋਕ ਸੰਪਰਕ ਵਿਭਾਗਾਂ ਦੇ ਮੰਤਰੀਆਂ ਦੇ ਫ਼ੈਸਲੇ ਰਿਵਿਊ ਕੀਤੇ ਜਾਣਗੇ। ਇਹ ਵੀ ਦੇਖਿਆ ਜਾਵੇਗਾ ਕਿ ਉਨ੍ਹਾਂ ਦੇ ਵਿਭਾਗ ਨਾਲ ਸੰਬੰਧਤ ਲੋਕਾਂ ਦੇ ਕੰਮ ਸਮੇਂ ’ਤੇ ਪੂਰੇ ਹੋ ਰਹੇ ਹਨ ਜਾਂ ਨਹੀਂ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ‘ਆਪ’ ਹਾਈਕਮਾਨ ਨੇ ਇਕ ਸਾਲ ਦੇ ਕੰਮਾਂ ਦੇ ਮੁਲਾਂਕਣ ਲਈ ਅਗਲੇ ਹਫਤੇ ਬੈਠਕ ਵੀ ਬੁਲਾਈ ਹੈ। ਬੈਠਕ ਵਿਚ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਸਣੇ ਪਾਰਟੀ ਦੇ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ। 

Add a Comment

Your email address will not be published. Required fields are marked *