ਭਾਰਤ ’ਚ ਜਮਹੂਰੀਅਤ ਹੈ ਤਾਂ ਸੰਸਦ ’ਚ ਬੋਲਣ ਦਿੱਤਾ ਜਾਵੇ: ਰਾਹੁਲ

ਨਵੀਂ ਦਿੱਲੀ, 16 ਮਾਰਚ-: ਯੂਕੇ ’ਚ ਆਪਣੇ ਬਿਆਨ ਕਾਰਨ ਵਿਵਾਦਾਂ ’ਚ ਘਿਰੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਹੈ ਕਿ ਜੇਕਰ ਭਾਰਤ ’ਚ ਜਮਹੂਰੀਅਤ ਹੈ ਤਾਂ ਉਨ੍ਹਾਂ ਨੂੰ ਸੰਸਦ ’ਚ ਆਪਣਾ ਪੱਖ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਜਮਹੂਰੀਅਤ ਦਾ ਇਮਤਿਹਾਨ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਚਾਰ ਮੰਤਰੀਆਂ ਨੇ ਉਨ੍ਹਾਂ ਖ਼ਿਲਾਫ਼ ਦੋਸ਼ ਲਾਏ ਹਨ ਅਤੇ ਉਨ੍ਹਾਂ ਨੂੰ ਸੰਸਦ ’ਚ ਜਵਾਬ ਦੇਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਅਡਾਨੀ ਮੁੱਦੇ ’ਤੇ ਸਰਕਾਰ ਡਰੀ ਹੋਈ ਹੈ ਅਤੇ ਉਹ ਇਹ ਸਾਰਾ ‘ਤਮਾਸ਼ਾ’ ਕਰ ਰਹੀ ਹੈ। ਰਾਹੁਲ ਗਾਂਧੀ ਵਿਦੇਸ਼ ਤੋਂ ਪਰਤਣ ਮਗਰੋਂ ਵੀਰਵਾਰ ਨੂੰ ਸੰਸਦ ਭਵਨ ਪੁੱਜੇ ਅਤੇ ਉਨ੍ਹਾਂ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਕੇ ਸੰਸਦ ’ਚ ਆਪਣਾ ਪੱਖ ਰੱਖਣ ਦੀ ਇਜਾਜ਼ਤ ਮੰਗੀ। ਉਧਰ ਭਾਜਪਾ ਨੇ ਰਾਹੁਲ ਗਾਂਧੀ ’ਤੇ ਵਰ੍ਹਦਿਆਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਭਾਰਤੀ ਜਮਹੂਰੀਅਤ ਨੂੰ ਨੀਵਾਂ ਦਿਖਾਉਣ ਦੀ ਉਸ ਨੇ ਆਦਤ ਬਣਾ ਲਈ ਹੈ।

ਕਾਂਗਰਸ ਦਫ਼ਤਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ,‘‘ਮੈਨੂੰ ਆਸ ਹੈ ਕਿ ਸ਼ੁੱਕਰਵਾਰ ਨੂੰ ਸੰਸਦ ’ਚ ਬੋਲਣ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਇਸ ਦਾ ਪੂਰਾ ਯਕੀਨ ਨਹੀਂ ਹੈ। ਸੰਸਦ ਮੈਂਬਰ ਵਜੋਂ ਮੇਰੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਸੰਸਦ ’ਚ ਜਵਾਬ ਦੇਵਾਂ। ਇਸ ਮਗਰੋਂ ਹੀ ਮੈਂ ਤੁਹਾਡੇ ਨਾਲ (ਪੱਤਰਕਾਰਾਂ) ਵਿਸਥਾਰ ’ਚ ਗੱਲ ਕਰ ਸਕਦਾ ਹਾਂ।’’ ਰਾਹੁਲ ਨੇ ਕਿਹਾ ਕਿ ਬਿਰਲਾ ਨੇ ਉਨ੍ਹਾਂ ਨੂੰ ਲੋਕ ਸਭਾ ’ਚ ਬੋਲਣ ਦਾ ਕੋਈ ਵਚਨ ਨਹੀਂ ਦਿੱਤਾ ਹੈ ਅਤੇ ਉਹ ਸਿਰਫ਼ ਮੁਸਕਰਾਉਂਦੇ ਰਹੇ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਵੱਲੋਂ ਅਡਾਨੀ ਗਰੁੱਪ ਬਾਰੇ ਸੰਸਦ ’ਚ ਦਿੱਤੇ ਗਏ ਭਾਸ਼ਨ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬ ਅਜੇ ਤੱਕ ਨਹੀਂ ਦਿੱਤੇ ਹਨ। ਰਾਹੁਲ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੇ ਲੰਡਨ ਦੌਰੇ ਮੌਕੇ ਭਾਰਤ ਜਾਂ ਸੰਸਦ ਖ਼ਿਲਾਫ਼ ਕੁਝ ਵੀ ਨਹੀਂ ਬੋਲਿਆ ਹੈ। ਸੰਸਦ ਤੋਂ ਬਾਹਰ ਆਉਂਦਿਆਂ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ,‘‘ਜੇਕਰ ਉਹ ਮੈਨੂੰ ਸੰਸਦ ’ਚ ਬੋਲਣ ਦੀ ਇਜਾਜ਼ਤ ਦੇਣਗੇ ਤਾਂ ਜੋ ਮੈਂ ਸੋਚਦਾ ਹਾਂ ਉਹ ਗੱਲ ਸਾਰਿਆਂ ਅੱਗੇ ਰੱਖਾਂਗਾ। ਭਾਜਪਾ ਨਹੀਂ ਚਾਹੇਗੀ ਕਿ ਮੈਂ ਸੰਸਦ ਅੰਦਰ ਬੋਲਾਂ। ਜੇਕਰ ਮੈਨੂੰ ਬੋਲਣ ਨਾ ਦਿੱਤਾ ਗਿਆ ਤਾਂ ਮੈਂ ਸੰਸਦ ਦੇ ਬਾਹਰ ਆਪਣੀ ਗੱਲ ਰੱਖਾਂਗਾ।’’ ਸਪੀਕਰ ਬਿਰਲਾ ਨਾਲ ਮੁਲਾਕਾਤ ਦੌਰਾਨ ਕਾਂਗਰਸ ਪਾਰਟੀ ਦੇ ਲੋਕ ਸਭਾ ’ਚ ਆਗੂ ਅਧੀਰ ਰੰਜਨ ਚੌਧਰੀ ਵੀ ਹਾਜ਼ਰ ਸਨ। ਉਨ੍ਹਾਂ ਮੋਦੀ ਅਤੇ ਅਡਾਨੀ ਦੇ ਸਬੰਧਾਂ, ਅਡਾਨੀ ਨੂੰ ਭਾਰਤ-ਇਜ਼ਰਾਈਲ ਰੱਖਿਆ ਸਮਝੌਤੇ ਦੇ ਠੇਕੇ ਦੇਣ, ਦੇਸ਼ ਦੇ ਹਵਾਈ ਅੱਡਿਆਂ ਦੇ ਠੇਕੇ ਦੇਣ ਅਤੇ ਨਿਯਮਾਂ ’ਚ ਬਦਲਾਅ ਬਾਰੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਆਸਟਰੇਲੀਆ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਡਾਨੀ, ਐੱਸਬੀਆਈ ਦੇ ਚੇਅਰਮੈਨ ਅਤੇ ਉਥੋਂ ਦੇ ਇਕ ਸੂਬੇ ਦੇ ਮੁੱਖ ਮੰਤਰੀ ਵਿਚਕਾਰ ਹੋਈ ਗੱਲਬਾਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਇਸੇ ਗੱਲਬਾਤ ਮਗਰੋਂ ਹੀ ਸਟੇਟ ਬੈਂਕ ਨੇ ਅਡਾਨੀ ਨੂੰ ਅਰਬਾਂ ਡਾਲਰ ਦਾ ਕਰਜ਼ਾ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀਲੰਕਾ ਅਤੇ ਬੰਗਲਾਦੇਸ਼ ’ਚ ਵੀ ਅਡਾਨੀ ਨੂੰ ਹੀ ਠੇਕੇ ਦੇਣ ਲਈ ਮੋਦੀ ਵੱਲੋਂ ਸਿਫ਼ਾਰਿਸ਼ ਕੀਤੀ ਗਈ ਸੀ। ਰਾਹੁਲ ਜਦੋਂ ਲੋਕ ਸਭਾ ’ਚ ਦਾਖ਼ਲ ਹੋਏ ਤਾਂ ਭਾਜਪਾ ਮੈਂਬਰਾਂ ਨੇ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਉਹ ਲੰਡਨ ’ਚ ‘ਜਮਹੂਰੀਅਤ ’ਤੇ ਹਮਲੇ’ ਸਬੰਧੀ ਦਿੱਤੇ ਬਿਆਨ ਲਈ ਮੁਆਫ਼ੀ ਮੰਗਣ।

ਰਾਹੁਲ ਦੇ ਬਿਆਨ ਦਾ ਜਵਾਬ ਦਿੰਦਿਆਂ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਲੋਕਤੰਤਰ ਦੀ ਸਫ਼ਲਤਾ ਜਾਂ ਨਾਕਾਮੀ ਦਾ ਮਾਪਦੰਡ ਨਹੀਂ ਬਣ ਸਕਦੀ ਹੈ। ਉਨ੍ਹਾਂ ਰਾਹੁਲ ਗਾਂਧੀ ’ਤੇ ਵਿਦੇਸ਼ੀ ਧਰਤੀ ਤੋਂ ਭਾਰਤੀ ਲੋਕਤੰਤਰ ਨੂੰ ਲੀਹ ਤੋਂ ਉਤਾਰਨ ਅਤੇ ਨੀਵਾਂ ਦਿਖਾਉਣ ਦੀ ਆਦਤ ਪੈਣ ਦਾ ਦੋਸ਼ ਲਾਇਆ। ਇਕ ਹੋਰ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਦੁਹਰਾਇਆ ਕਿ ਰਾਹੁਲ ਗਾਂਧੀ ਜਮਹੂਰੀਅਤ ਬਾਰੇ ਆਪਣੇ ਬਿਆਨ ਲਈ ਪਹਿਲਾਂ ਮੁਆਫ਼ੀ ਮੰਗਣ। ਇਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਕੁਝ ਨੂੰ ਛੜ ਕੇ ਬਾਕੀ ਸਾਰੀਆਂ ਵਿਰੋਧੀ ਧਿਰਾਂ ਇਸ ਗੱਲ ਤੋਂ ਸਹਿਮਤ ਹਨ ਕਿ ਰਾਹੁਲ ਨੇ ਜੋ ਕੁਝ ਆਖਿਆ ਹੈ, ਉਹ ਸਹੀ ਹੈ।

Add a Comment

Your email address will not be published. Required fields are marked *