ਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੱਧੂ ਦਾ ਵਿਜੀਲੈਂਸ ਜਾਂਚ ਨੂੰ ਲੈ ਕੇ ਵੱਡਾ ਬਿਆਨ

ਮੋਹਾਲੀ : ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੀਡੀਆ ‘ਚ ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਜਾਂਚ ਦੀਆਂ ਪ੍ਰਕਾਸ਼ਿਤ ਖ਼ਬਰਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਇਕ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਗਾਇਆ ਕਿ ਵਿਜੀਲੈਂਸ ਜਾਂਚ ਦੇ ਨਾਮ ’ਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਕਿਰਦਾਰ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਪੰਜਾਬ ‘ਚ ‘ਆਪ’ ਸਰਕਾਰ ਹੋਂਦ ‘ਚ ਆਈ ਹੈ, ਉਦੋਂ ਤੋਂ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਸਾਜਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਜੇਕਰ ਵਿਜੀਲੈਂਸ ਨੇ ਜਾਂਚ ਸ਼ੁਰੂ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਇਸ ਸਬੰਧੀ ਵਿਜੀਲੈਂਸ ਵੱਲੋਂ ਕੋਈ ਪੱਤਰ ਆਉਂਦਾ ਜਾਂ ਕੋਈ ਹੋਰ ਸੂਚਨਾ ਦਿੱਤੀ ਜਾਂਦੀ, ਪਰ ਅਜਿਹਾ ਕੁੱਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਪੂਰਾ ਪਲਾਨ ਬਣਾ ਕੇ ਸਾਜਿਸ਼ ਕੀਤੀ ਜਾ ਰਹੀ ਹੈ ਅਤੇ ਅਜਿਹੀਆਂ ਖ਼ਬਰਾਂ ਲਗਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕੁੱਝ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਸਿਆਸਤ ਅਤੇ ਕਾਰੋਬਾਰ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਹ ਕਈ ਸਾਲਾਂ ਤੋਂ ਸਿਆਸਤ ‘ਚ ਹਨ, ਹਰ ਬੰਦਾ ਤਰੱਕੀ ਕਰਦਾ ਹੈ, ਉਸੇ ਤਰ੍ਹਾਂ ਪਿਛਲੇ 40 ਸਾਲਾਂ ਤੋਂ ਉਨ੍ਹਾਂ ਨੇ ਆਪਣੇ ਵਪਾਰ ‘ਚ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਆਪਣੇ ਕਾਰੋਬਾਰ ਅਤੇ ਜਾਇਦਾਦ ਦੇ ਵੇਰਵੇ ਚੋਣ ਕਮਿਸ਼ਨ ਨੂੰ ਦਿੱਤੇ ਗਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਬਲਬੀਰ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੈਲੇਂਜ ਕੀਤਾ ਕਿ ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਜਾਂਚ ਤੋਂ ਪਹਿਲਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਦਬੀਆਂ ਹੋਈਆਂ ਜ਼ਮੀਨਾਂ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਖ਼ਬਰ ਲਗਾਉਣ ਤੋਂ ਪਹਿਲਾਂ ਪੂਰੀ ਤਰ੍ਹਾਂ ਤੱਥਾਂ ਦੀ ਪੜਤਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਜਾਂਚ ਹੁੰਦੀ ਹੈ ਤਾਂ ਉਹ ਵਿਜੀਲੈਂਸ ਨੂੰ ਹਰ ਤਰ੍ਹਾਂ ਸਹਿਯੋਗ ਦੇਣਗੇ।

ਉਨ੍ਹਾਂ ਕਿਹਾ ਕਿ ਉਹ ਬਿਲਕੁਲ ਸਹੀ ਹਨ ਅਤੇ ਉਨ੍ਹਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਦਾ ਭਰਾ ਜੀਤੀ ਸਿੱਧੂ ਨਗਰ ਨਿਗਮ ਦਾ ਮੇਅਰ ਬਣਿਆ ਤਾਂ ਮੋਹਾਲੀ ‘ਚ ਪ੍ਰਾਪਰਟੀ ਟੈਕਸ ਟਾਰਗੇਟ ਤੋਂ ਜ਼ਿਆਦਾ ਇਕੱਠਾ ਹੋਇਆ ਹੈ ਅਤੇ ਮੋਹਾਲੀ ਦੇ ਸਰਬਪੱਖੀ ਵਿਕਾਸ ਲਈ ਹਰ ਪਾਸੇ ਵਿਕਾਸ ਕੰਮ ਕਰਵਾਏ ਗਏ। ਇਸ ਦੇ ਨਾਲ ਹੀ ਪਿਛਲੇ ਪੰਜ ਸਾਲਾਂ ਦੌਰਾਨ ਮੋਹਾਲੀ ‘ਚ ਜਿੰਨਾ ਵਿਕਾਸ ਹੋਇਆ ਹੈ, ਉਹ ਉਨ੍ਹਾਂ ਦੇ ਪਰਿਵਾਰ ਦੇ ਯਤਨਾਂ ਨਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਰਦਾਰ ਕੁਸ਼ੀ ਕਰਨ ਪਿੱਛੇ ਕਾਰਨ ਇਹ ਹੈ ਕਿ ਉਨ੍ਹਾਂ ਦੇ ਭਰਾ ਦੀ ਕੌਂਸਲਰ ਵਜੋਂ ਚੋਣ ਰੱਦ ਕਰਨ ਕਰਕੇ ਜੀਤੀ ਸਿੱਧੂ ਵੱਲੋਂ ਹੁਣ ਅਦਾਲਤ ‘ਚ ਜਾਣ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਰਾ ਜੀਤੀ ਸਿੱਧੂ ਨੇ ਕੋਈ ਗੁਨਾਹ ਨਹੀਂ ਕੀਤਾ। ਉਸ ਨੂੰ ਅਦਾਲਤ ‘ਚ ਜਾਣ ਤੋਂ ਰੋਕਣ ਲਈ ਉਨ੍ਹਾਂ ਦੇ ਬਾਰੇ ਵਿਜੀਲੈਂਸ ਜਾਂਚ ਦੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਇਸ ਮੌਕੇ ਨਗਰ ਨਿਗਮ ਦੇ ਸੀ. ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕੌਂਸਲਰ ਰਜਿੰਦਰ ਸਿੰਘ ਰਾਣਾ ਅਤੇ ਕਮਲਪ੍ਰੀਤ ਬੰਨੀ, ਕੰਵਰਬੀਰ ਸਿੰਘ ਸਿੱਧੂ, ਮੱਖਣ ਸਿੰਘ, ਸੁਦਾਗਰ ਖਾਨ, ਪ੍ਰਦੀਪ ਸੋਨੀ, ਜਤਿੰਦਰ ਸਿੰਘ ਸੋਢੀ, ਰਿੰਕੂ ਮੌਜੂਦ ਸਨ।

Add a Comment

Your email address will not be published. Required fields are marked *