ਅਮਰੀਕਾ ਵੱਲੋਂ ਪਾਕਿ ਨੂੰ ਤਿੰਨ ਕਰੋੜ ਡਾਲਰ ਦੀ ਮਦਦ ਦਾ ਐਲਾਨ

ਵਾਸ਼ਿੰਗਟਨ, 31 ਅਗਸਤ-ਅਮਰੀਕਾ ਨੇ ਮੰਗਲਵਾਰ ਨੂੰ ਹੜ੍ਹਾਂ ਨਾਲ ਜੂਝ ਰਹੇ ਪਾਕਿਸਤਾਨ ਨੂੰ ਮਨੁੱਖੀ ਆਧਾਰ ’ਤੇ 3 ਕਰੋੜ ਡਾਲਰ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ, ‘‘ਅਸੀਂ ਇਸ ਮੁਸ਼ਕਲ ਘੜੀ ਵਿੱਚ ਪਾਕਿਸਤਾਨ ਦੇ ਨਾਲ ਖੜ੍ਹੇ ਹਾਂ।’’ ਉਨ੍ਹਾਂ ਕਿਹਾ, ‘‘ਪਾਕਿਸਤਾਨ ਦੇ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਉਣ ਕਾਰਨ ਅਮਰੀਕਾ ‘ਯੂਐੱਸਏਆਈਡੀ’ ਰਾਹੀਂ ਖਾਣਾ, ਸਾਫ ਪਾਣੀ ਅਤੇ ਪਨਾਹਗਾਹਾਂ ਜਿਹੀਆਂ ਅਹਿਮ ਸਹੂਲਤਾਂ ਲਈ ਮਦਦ ਮੁਹੱਈਆ ਕਰਵਾ ਰਿਹਾ ਹੈ।’’ 

ਵਿਦੇਸ਼ ਮੰਤਰਾਲੇ ਦੇ ਮੁੱਖ ਉਪ ਤਰਜਮਾਨ ਵੇਦਾਂਤ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੜ੍ਹਾਂ ਨਾਲ ਲਗਪਗ 3.3 ਕਰੋੜ ਲੋਕ ਪ੍ਰਭਾਵਿਤ ਹੋਏ ਹਨ ਅਤੇ 1,100 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ ਜਦਕਿ 1,600 ਤੋਂ ਵੱਧ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ, ‘‘ਹੜ੍ਹਾਂ ਕਾਰਨ ਦਸ ਲੱਖ ਤੋਂ ਵੱਧ ਘਰਾਂ, ਜੀਵਨ ਨਿਰਬਾਹ ਦੇ ਵੱਡੇ ਸਰੋਤ 7,35,000 ਪਸ਼ੂਆਂ (ਪਸ਼ੂਧਨ) ਤੋਂ ਇਲਾਵਾ ਸੜਕਾਂ ਅਤੇ ਵੀਹ ਲੱਖ ਏਕੜ ਤੋਂ ਵੱਧ ਖੇਤੀਬਾੜੀ ਵਾਲੀ ਜ਼ਮੀਨ  ਦਾ ਨੁਕਸਾਨ ਹੋਇਆ ਹੈ।’’ ਪਟੇਲ ਨੇ ਦੱਸਿਆ ਕਿ ‘ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ (ਯੂਐੱਸਏਆਈਡੀ) ਦੇ ਭਾਈਵਾਲ ਇਸ ਫੰਡ ਦੀ ਵਰਤੋਂ ਖਾਣਾ, ਪੋਸ਼ਣ, ਪੀਣ ਵਾਲਾ ਪਾਣੀ, ਸਫ਼ਾਈ, ਪਨਾਹ ਮੁਹੱਈਆ ਕਰਵਾਉਣ ਲਈ ਕਰੇਗਾ। ਉਨ੍ਹਾਂ ਮੁਤਾਬਕ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਯੂਐੱਸਏਆਈਡੀ ਦੇ ਆਫ਼ਤ ਪ੍ਰਬੰਧ ਮਾਹਿਰ ਸੋਮਵਾਰ ਨੂੰ ਇਸਲਾਮਾਬਾਦ (ਪਾਕਿਸਤਾਨ) ਪਹੁੰਚ ਗਏ ਹਨ।

Add a Comment

Your email address will not be published. Required fields are marked *