ਚੀਨ ਨੇ ਪੇਲੋਸੀ ਅਤੇ ਪਰਿਵਾਰਕ ਮੈਂਬਰਾਂ ’ਤੇ ਲਾਈਆਂ ਪਾਬੰਦੀਆਂ

ਪੇਈਚਿੰਗ, 5 ਅਗਸਤ

  • ਵਾਸ਼ਿੰਗਟਨ ਨਾਲ ਰੱਖਿਆ, ਵਾਤਾਵਰਨ ਤੇ ਹੋਰ ਮੁੱਦਿਆਂ ’ਤੇ ਗੱਲਬਾਤ ਵੀ ਰੱਦ ਕੀਤੀ
  • ਅਮਰੀਕੀ ਆਗੂ ’ਤੇ ਚੀਨ ਦੀ ਪ੍ਰਭੂਸੱਤਾ ਤੇ ‘ਇਕ ਚੀਨ ਨੀਤੀ’ ਦੀ ਉਲੰਘਣਾ ਦਾ ਦੋਸ਼ ਲਾਇਆ

ਚੀਨ ਨੇ ਤਾਇਵਾਨ ਦਾ ਦੌਰਾ ਕਰਨ ਵਾਲੀ ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ (82) ਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਚੀਨ ਨੇ ਵਾਸ਼ਿੰਗਟਨ ਨਾਲ ਰੱਖਿਆ, ਵਾਤਾਵਰਨ ਤੇ ਹੋਰਨਾਂ ਮੁੱਦਿਆਂ ’ਤੇ ਹੋਣ ਵਾਲੀ ਗੱਲਬਾਤ ਵੀ ਰੱਦ ਕਰ ਦਿੱਤੀ। ਪੇਈਚਿੰਗ ਨੇ ਕਿਹਾ ਕਿ ਅਮਰੀਕੀ ਆਗੂ ਨੇ ਚੀਨ ਦੀ ਪ੍ਰਭੂਸੱਤਾ ਤੇ ‘ਇਕ ਚੀਨ ਨੀਤੀ’ ਦੀ ਉਲੰਘਣਾ ਕੀਤੀ ਹੈ। ਚੀਨ ਵੱਲੋਂ ਲਾਈਆਂ ਪਾਬੰਦੀਆਂ ਹਾਲਾਂਕਿ ਪ੍ਰਤੀਕਾਤਮਕ ਹਨ ਤੇ ਇਨ੍ਹਾਂ ਨਾਲ ਪੇਲੋਸੀ ਤੇ ਉਸ ਦੇ ਪਰਿਵਾਰ ਨੂੰ ਕੋਈ ਬਹੁਤਾ ਫ਼ਰਕ ਨਹੀਂ ਪੈਣ ਵਾਲਾ। ਪੇਲੋਸੀ, ਪਿਛਲੇ ਢਾਈ ਦਹਾਕਿਆਂ ਵਿੱਚ ਤਾਇਵਾਨ ਦੀ ਫੇਰੀ ਪਾਉਣ ਵਾਲੀ ਪਹਿਲੀ ਸਿਖਰਲੀ ਅਮਰੀਕੀ ਆਗੂ ਹੈ।

ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਅਮਰੀਕੀ ਆਗੂ ਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਪਾਬੰਦੀ ਲਾਉਣ ਦਾ ਐਲਾਨ ਕਰਦਿਆਂ ਕਿਹਾ, ‘‘ਚੀਨ ਦੇ ਵੱਡੇ ਫ਼ਿਕਰਾਂ ਤੇ ਤਿੱਖੇ ਵਿਰੋਧ ਦੇ ਬਾਵਜੂਦ ਅਮਰੀਕਾ ਦੇ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਚੀਨ ਦੇ ਤਾਇਵਾਨ ਖਿੱਤੇ ਦਾ ਦੌਰਾ ਕੀਤਾ। ਇਹ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਸਿੱਧਾ ਦਖ਼ਲ ਹੈ। ਇਹ ਚੀਨ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਨੂੰ ਕਮਜ਼ੋਰ ਕਰਨ, ਇਕ-ਚੀਨ ਸਿਧਾਂਤ ਨੂੰ ਮਧੋਲਣ ਤੇ ਤਾਇਵਾਨ ਜਲਡਮਰੂ ਖੇਤਰ ਵਿੱਚ ਅਮਨ ਤੇ ਸਥਿਰਤਾ ਲਈ ਵੰਗਾਰਾਂ ਖੜ੍ਹੀਆਂ ਕਰਨ ਵਾਂਗ ਹੈ। ਲਿਹਾਜ਼ਾ ਪੇਲੋਸੀ ਦੇ ਵਿਲੱਖਣ ਭੜਕਾਊ ਵਤੀਰੇ ਦੇ ਜਵਾਬ ਵਿੱਚ ਚੀਨ ਨੇ ਪੇਲੋਸੀ ਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੇ ਢੁੱਕਵੇਂ ਕਾਨੂੰਨਾਂ ਮੁਤਾਬਕ ਪਾਬੰਦੀਆਂ ਲਾਉਣ ਦਾ ਫੈਸਲਾ ਕੀਤਾ ਹੈ।’’ ਇਸ ਤੋਂ ਪਹਿਲਾਂ ਚੀਨ ਨੇ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਸਣੇ ਟਰੰਪ ਪ੍ਰਸ਼ਾਸਨ ਦੇ 28 ਅਧਿਕਾਰੀਆਂ ਖਿਲਾਫ਼ ਵੀ ਪਾਬੰਦੀਆਂ ਲਾਈਆਂ ਸਨ।

Add a Comment

Your email address will not be published. Required fields are marked *