ਰਾਹੁਲ ’ਤੇ ‘ਗਿਣਮਿੱਥੇ’ ਨਿੱਜੀ ਹਮਲੇ ‘ਝੂਠ’ ਉੱਤੇ ਅਧਾਰਿਤ: ਸੈਮ ਪਿਤਰੋਦਾ

ਰਾਹੁਲ ਗਾਂਧੀ ਵੱਲੋਂ ਯੂਕੇ ਦੀ ਫੇਰੀ ਦੌਰਾਨ ‘ਜਮਹੂਰੀਅਤ’ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਮਚੇ ਸਿਆਸੀ ਘਮਸਾਣ ਦਰਮਿਆਨ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ ਅੱਜ ਕਿਹਾ ਕਿ ਸਾਬਕਾ ਪਾਰਟੀ ਪ੍ਰਧਾਨ ਨੇ ਮਦਦ ਲਈ ਕਿਸੇ ਵੀ ਵਿਦੇਸ਼ੀ ਮੁਲਕ ਨੂੰ ਸੱਦਾ ਨਹੀਂ ਦਿੱਤਾ। ਪਿਤਰੋਦਾ ਨੇ ਕਿਹਾ ਕਿ ਰਾਹੁਲ ’ਤੇ ‘ਗਿਣਮਿੱਥ’ ਕੇ ਕੀਤੇ ਜਾ ਰਹੇ ਨਿੱਜੀ ਹਮਲੇ ‘ਝੂਠ ਤੇ ਗਲਤ ਜਾਣਕਾਰੀ’ ਉੱਤੇ ਅਧਾਰਿਤ ਹਨ। ਚੇਤੇ ਰਹੇ ਕਿ ਗਾਂਧੀ ਵੱਲੋਂ ਯੂਕੇ ਵਿੱਚ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਬਜਟ ਇਜਲਾਸ ਦੌਰਾਨ ਸੰਸਦ ਦੇ ਦੋਵਾਂ ਸਦਨਾਂ ਵਿੱਚ ਜ਼ੋਰਦਾਰ ਹੰਗਾਮਾ ਹੋਇਆ। ਬਜਟ ਇਜਲਾਸ ਦੇ ਦੂਜੇ ਅੱਧ ਦੇ ਪਹਿਲੇ ਦੋ ਦਿਨ ਸੰਸਦ ਵਿੱਚ ਕੋਈ ਕੰਮਕਾਰ ਨਹੀਂ ਹੋ ਸਕਿਆ। ਹਾਕਮ ਧਿਰ ਦੇ ਮੈਂਬਰ ਜਿੱਥੇ ਰਾਹੁਲ ਗਾਂਧੀ ਵੱਲੋਂ ਮੁਆਫ਼ੀ ਮੰਗੇ ਜਾਣ ਦੀ ਮੰਗ ਕਰ ਰਹੇ ਹਨ, ਉਥੇ ਵਿਰੋਧੀ ਧਿਰਾਂ ਅਡਾਨੀ-ਹਿੰਡਨਬਰਗ ਮਸਲੇ ਦੀ ਜੇਪੀਸੀ ਜਾਂਚ ਦੀ ਮੰਗ ’ਤੇ ਬਜ਼ਿੱਦ ਹਨ।

ਪਿਤਰੋਦਾ, ਜੋ ਰਾਹੁਲ ਗਾਂਧੀ ਦੀ ਯੂਕੇ ਫੇਰੀ ਦੌਰਾਨ ਉਨ੍ਹਾਂ ਨਾਲ ਮੌਜੂਦ ਸਨ, ਨੇ ਕਿਹਾ, ‘‘ਰਾਹੁਲ ਗਾਂਧੀ ਨੇ ਲੰਡਨ ਵਿੱਚ ਜੋ ਕੁਝ ਕਿਹਾ, ਕ੍ਰਿਪਾ ਕਰਕੇ ਉਸ ਬਾਰੇ ਕੂੜ ਪ੍ਰਚਾਰ ਕਰਨਾ ਬੰਦ ਕੀਤਾ ਜਾਵੇ। ਕੀ ਤੁਸੀਂ ਉਥੇ ਸੀ? ਕੀ ਤੁਸੀਂ ਵੀਡੀਓ ਵੇਖਿਆ ਹੈ? ਕੀ ਤੁਹਾਨੂੰ ਸੱਚਮੁੱਚ ਪਤੈ ਉਨ੍ਹਾਂ (ਗਾਂਧੀ) ਕੀ ਕਿਹਾ ਸੀ? ਕਿਸ ਸੰਦਰਭ ਵਿੱਚ ਕਿਹਾ ਸੀ? ਅਸਲ ਸੁਨੇਹਾ ਕੀ ਸੀ? ਸਪਸ਼ਟੀਕਰਨ ਲਈ ਕ੍ਰਿਪਾ ਕਰਕੇ ਨੋਟ ਕੀਤਾ ਜਾਵੇ ਕਿ ਰਾਹੁਲ ਗਾਂਧੀ ਨੇ ਮੂਲ ਰੂਪ ’ਚ ਹੇਠ ਲਿਖੀਆਂ ਗੱਲਾਂ ਕਹੀਆਂ ਸਨ: 1. ਭਾਰਤੀ ਜਮਹੂਰੀਅਤ ਆਲਮੀ ਪੱਧਰ ’ਤੇ ਲੋਕਾਂ ਲਈ ਚੰਗੀ ਹੈ। 2.ਭਾਰਤ ਵਿੱਚ ਜਮਹੂਰੀਅਤ ਦੀ ਹਾਲਤ ਚਿੰਤਾ ਦਾ ਵਿਸ਼ਾ ਹੈ। 3.ਇਹ ਭਾਰਤ ਦੀ ਮੁਸ਼ਕਲ ਹੈ ਤੇ ਅਸੀਂ ਇਸ ਨਾਲ ਸਿੱਝ ਲਵਾਂਗੇ।’’

ਪਿਤਰੋਦਾ ਨੇ ਜ਼ੋਰ ਦੇ ਕੇ ਆਖਿਆ ਕਿ ਗਾਂਧੀ ਨੇ ਮਦਦ ਲਈ ਕਿਸੇ ਵੀ ਬਾਹਰੀ ਮੁਲਕ ਨੂੰ ਸੱਦਾ ਨਹੀਂ ਦਿੱਤਾ। ਉਨ੍ਹਾਂ ਕਿਹਾ, ‘‘ ਮੈਂ ਭਾਰਤੀ ਪੇਸ਼ੇਵਰ ਵਜੋਂ ਇੱਕ ਤਰਕਸ਼ੀਲ ਅਤੇ ਖੁੱਲ੍ਹੇ ਦਿਮਾਗ, ਅੱਖਾਂ ਅਤੇ ਕੰਨਾਂ ਨਾਲ ਉਥੇ ਮੌਜੂਦ ਸੀ। ਚੁਣੇ ਹੋਏ ਆਗੂਆਂ ਵੱਲੋਂ ਮੀਡੀਆ ਦੀ ਮਦਦ ਨਾਲ ਗਿਣਮਿੱਥ ਕੇ ਹਮਲੇ, ਜੋ ਝੂਠ ਤੇ ਗਲਤ ਜਾਣਕਾਰੀ ’ਤੇ ਅਧਾਰਿਤ ਸੀ, ਕਰਨ ਪਿੱਛੇ ਕੀ ਤੁੱਕ ਸੀ? ਕੀ ਇਹੀ ਭਾਰਤੀ ਜਮਹੂਰੀਅਤ ਹੈ? ਕੀ ਸਿਆਸੀ ਵਾਦ ਵਿਵਾਦ ਵਿਚ ਕੁਝ ਸ਼ਿਸ਼ਟਤਾ ਬਚੀ ਹੈ?’’ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅਜੇ ਵੀ ਬਹੁਤ ਸਾਰੀਆਂ ਮਹੱਤਵਪੂਰਨ ਚੀਜ਼ਾਂ ਹਨ, ਜਿਵੇਂ ਰੁਜ਼ਗਾਰ ਸਿਰਜਣਾ, ਅਰਥਚਾਰੇ ’ਚ ਸੁਧਾਰ, ਹਿੰਸਾ ਘਟਾਉਣਾ, ਵਾਤਾਵਰਨ, ਸਿੱਖਿਆ ਤੇ ਸਿਹਤ ਸੇਵਾਵਾਂ ਵਿੱਚ ਸੁਧਾਰ। ਉਨ੍ਹਾਂ ਕਿਹਾ, ‘‘ਨੈਸ਼ਨਲ ਟੀਵੀ ਮੀਡੀਆ ਇੰਨਾ ਸਮਾਂ, ਪੈਸਾ ਤੇ ਊਰਜਾ ਇਸ ਪਾਸੇ ਕਿਉਂ ਖਰਚ ਕਰ ਰਿਹਾ ਹੈ? ਉਹ ਤੱਥਾਂ ਦੀ ਘੋਖ ਕੀਤੇ ਬਿਨਾਂ ਰਾਹੁਲ ਗਾਂਧੀ ’ਤੇ ਹਮਲੇ ਕਰਨ ਲਈ ਹਮੇਸ਼ਾ ਤਿਆਰ ਬਰ ਤਿਆਰ ਕਿਉਂ ਰਹਿੰਦੇ ਹਨ? ਇਹ ਸਾਰੇ ਕਿਸ ਕੰਮ ਨੂੰ ਸਿਰੇ ਚਾੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ? ਕੀ ਇਹ ਵਾਜਬ ਹੈ?’’ ਪਿਤਰੋਦਾ ਨੇ ਕਿਹਾ, ‘‘ਮੈਂ ਭਾਰਤੀ ਮੀਡੀਆ ਤੋਂ ਥੋੜ੍ਹੀ ਵੱਧ ਸਮਝਦਾਰੀ ਦੀ ਆਸ ਕਰਦਾ ਹਾਂ…ਕੁਝ ਵੀ ਕਹਿਣ ਤੋਂ ਪਹਿਲਾਂ ਸੋਚੋ? ਸਤਿਕਾਰਯੋਗ, ਮਾਣਮੱਤੇ, ਸੱਚੇ, ਤੱਥਾਂ ਵਾਲੇ, ਜ਼ਿੰਮੇਵਾਰ ਅਤੇ ਥੋੜ੍ਹੇ ਜਿਹੇ ਖੁੱਲ੍ਹੇ ਦਿਲ ਵਾਲੇ ਬਣੋ। ਸਾਨੂੰ ਨਫ਼ਰਤ ਦੀ ਨਹੀਂ ਪਿਆਰ ਦੀ ਲੋੜ ਹੈ। ਸਾਨੂੰ ਸਮਝਦਾਰੀ ਦੀ ਲੋੜ ਹੈ, ਗਲਤਫਹਿਮੀ ਦੀ ਨਹੀਂ।’

Add a Comment

Your email address will not be published. Required fields are marked *