ਅਧਿਆਪਕ ਯੋਗਤਾ ਪ੍ਰੀਖਿਆ: ਜਵਾਬਾਂ ਸਮੇਤ ਪਾਏ ਸਵਾਲ

ਬਰਨਾਲਾ/ਅੰਮ੍ਰਿਤਸਰ, 12 ਮਾਰਚ

ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਦੀ ਅੱਜ ਹੋਈ ਪ੍ਰੀਖਿਆ ਦੇ ਕੁਝ ਪ੍ਰਸ਼ਨ ਪੱਤਰਾਂ ਵਿੱਚ ਕਥਿਤ ਤੌਰ ’ਤੇ ਉੱਤਰ ਹੀ ਦੱਸ ਦਿੱਤੇ ਗਏ। ਸਮਾਜਿਕ ਸਿੱਖਿਆ ਦੀ ਪ੍ਰੀਖਿਆ ਲਈ ਉੱਤਰ ਆਪਸ਼ਨਾਂ ਵਿੱਚੋਂ ਇੱਕ ਹਾਈਲਾਈਟ (ਬੋਲਡ) ਕੀਤੀ ਹੋਣ ਕਾਰਨ ਯੂਨੀਵਰਸਿਟੀ ਦੀ ਵੱਡੀ ਕੁਤਾਹੀ ਸਾਹਮਣੇ ਆਈ ਹੈ। ਇਸ ਪ੍ਰੀਖਿਆ ਦੇ ਸਹੀ ਜਵਾਬ ਹੀ ਬੋਲਡ ਹੋਣ ਕਾਰਨ ਮਿਹਨਤ ਕਰਕੇ ਪ੍ਰੀਖਿਆ ’ਚ ਬੈਠਣ ਵਾਲੇ ਬੇਰੁਜ਼ਗਾਰ ਅਧਿਆਪਕਾਂ ਵਿਚ ਰੋਸ ਹੈ। ਇਹ ਪ੍ਰਸ਼ਨ ਪੱਤਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਤਿਆਰ ਕੀਤਾ ਗਿਆ ਹੈ। ਦੂਜੇ ਪਾਸੇ ਯੂਨੀਵਰਸਿਟੀ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਪ੍ਰਿੰਟਿੰਗ ਵਿਚ ਗਲਤੀ ਹੋਈ ਹੈ ਜਿਸ ਕਾਰਨ ਇਹ ਪ੍ਰੀਖਿਆ ਮੁੜ ਲੈਣ ਬਾਰੇ ਮੀਟਿੰਗ ਕੀਤੀ ਜਾਵੇਗੀ।  

ਅਧਿਆਪਕ ਯੋਗਤਾ ਪ੍ਰੀਖਿਆ ’ਚ ਹਰ ਪ੍ਰਸ਼ਨ ਦੇ ਉੱਤਰ ਲਈ ਚਾਰ ਬਦਲ ਦਿੱਤੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਕੋਈ ਇਕ ਢੁੱਕਵਾਂ ਉੱਤਰ ਚੁਣਨਾ ਹੁੰਦਾ ਹੈ ਪਰ ਇਸ ਦੇ ਸਪੱਸ਼ਟ ਉਤਰ ਹੀ ਦੱਸਣ ਕਾਰਨ ਪ੍ਰੀਖਿਆ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਅੱਜ ਹੋਈ ਪ੍ਰੀਖਿਆ ਦੇ ਕੁਝ ਪ੍ਰਸ਼ਨ ਪੱਤਰਾਂ ’ਚ ਵਿਸ਼ੇਸ਼ ਕਰਕੇ ਪੇਪਰਾਂ ਦੇ ‘ਡੀ’ ਸੈੱਟ ਦੇ ਸਮਾਜਿਕ ਸਿੱਖਿਆ ਵਿਸ਼ੇ ਨਾਲ ਸਬੰਧਤ ਕਰੀਬ 60 ਪ੍ਰਸ਼ਨਾਂ ਦੇ ਸਹੀ ਉੱਤਰ ਨੂੰ ਪਹਿਲਾਂ ਹੀ ‘ਗੂੜ੍ਹਾ’ ਕੀਤਾ ਹੋਇਆ ਸੀ, ਜਿਸ ਤੋਂ ਹਰੇਕ ਉਮੀਦਵਾਰ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਸੀ ਕਿ ਸਹੀ ਉੱਤਰ ਕਿਹੜਾ ਹੈ। ਸੈੱਟ ‘ਸੀ’ ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਉਣ ’ਤੇ ਸਥਾਨਕ ਪ੍ਰੀਖਿਆ ਕੇਂਦਰ ’ਚੋਂ ਪ੍ਰੀਖਿਆਰਥੀਆਂ ਤੋਂ ਪ੍ਰਸ਼ਨ ਪੱਤਰ ਵਾਪਸ ਲੈ ਲਏ ਗਏ ਸਨ। ਹੋਰਨਾਂ ਥਾਵਾਂ ’ਤੇ ਵੀ ਅਜਿਹਾ ਹੋਣ ਦੇ ਖਦਸ਼ੇ ਹਨ। ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਹਰਦੀਪ ਸਿੰਘ (ਪ੍ਰੀਖਿਆ ਕੋਆਰਡੀਨੇਟਰ) ਨੇ ਕਿਹਾ ਕਿ ਇਸ ਪ੍ਰੀਖਿਆ ਦੀ ਪ੍ਰਿੰਟਿੰਗ ਵਿਚ ਗ਼ਲਤੀ ਹੋਈ ਹੈ ਅਤੇ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਨਾਲ ਵਿਚਾਰ-ਵਟਾਂਦਰਾ ਕਰਕੇ ਇਹ ਪ੍ਰੀਖਿਆ ਦੁਬਾਰਾ ਲੈਣ ਬਾਰੇ ਵਿਚਾਰ ਕੀਤਾ ਜਾਵੇਗਾ। 

ਇੱਕ ਅੰਗਹੀਣ ਪ੍ਰੀਖਿਆਰਥੀ ਅੰਮ੍ਰਿਤਪਾਲ ਸਿੰਘ ਵਾਸੀ ਗੁੰਮਟੀ ਰੋਲ ਨੰਬਰ 208397 (ਬਰਨਾਲਾ) ਨੇ ਉਜਰ ਕਰਦਿਆਂ ਦੱਸਿਆ ਕਿ ਉਹ 90 ਫੀਸਦੀ ਅੰਗਹੀਣ ਹੈ। ਉਸ ਨੂੰ ਬਣਦਾ 20 ਮਿੰਟ ਪ੍ਰਤੀ ਘੰਟਾ ਵਾਧੂ ਸਮਾਂ ਨਹੀਂ ਦਿੱਤਾ ਗਿਆ। 

Add a Comment

Your email address will not be published. Required fields are marked *