ਸਕੂਲ ਆਫ਼ ਐਮੀਨੈਂਸ ਦੇ ਪ੍ਰਿੰਸੀਪਲ ਦੀ ਮਹਿਲਾ ਸਟਾਫ ਨਾਲ ਕੀਤੀ ਕਰਤੂਤ ਹੋਈ ਵਾਇਰਲ

ਫਾਜ਼ਿਲਕਾ – ਫਾਜ਼ਿਲਕਾ ਦੇ ਸਕੂਲ ਆਫ ਐਮੀਨੈਂਸ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ) ਦੇ ਪ੍ਰਿੰਸੀਪਲ ਪ੍ਰਦੀਪ ਖਨਗਵਾਲ, ਜਿਸ ਦੇ ਖਿਲਾਫ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਰਮੇਸ਼ ਕੁਮਾਰ, ਵਿਦਿਆਰਥੀਆਂ, ਮਾਪਿਆਂ ਅਤੇ ਹੋਰਾਂ ਨੇ ਬੀਤੇ ਦਿਨ ਸਕੂਲ ਦੇ ਬਾਹਰ ਧਰਨਾ ਦਿੱਤਾ ਸੀ, ਨੂੰ ਅੱਜ ਸਿੱਖਿਆ ਵਿਭਾਗ ਦੇ ਸਕੱਤਰ ਨੇ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਸਕੂਲ ਮੁਖੀ ਖਿਲਾਫ ਵੱਖ-ਵੱਖ ਦੋਸ਼ਾਂ ਦੀ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਸੀ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਪ੍ਰਿੰਸੀਪਲ ਖਨਗਵਾਲ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਮਹਿਲਾ ਸਟਾਫ ਨਾਲ ਅਸ਼ਲੀਲ ਗੱਲਾਂ ਕਰਨ ਦਾ ਮਾਮਲਾ ਦਰਜ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਦੀਪ ਖਨਗਵਾਲ ਪਿੰਡ ਲਾਲੋਵਾਲੀ ਅਤੇ ਅਰਨੀਵਾਲਾ ਦੇ ਸਰਕਾਰੀ ਸਕੂਲਾਂ ’ਚ ਪ੍ਰਿੰਸੀਪਲ ਸਨ, ਉੱਥੇ ਵੀ ਉਹ ਵਿਵਾਦਾਂ ’ਚ ਰਹੇ ਸਨ।

ਜਦੋਂ ਕਿ ਇਸ ਮਾਮਲੇ ’ਚ ਪ੍ਰਿੰਸੀਪਲ ਖਨਗਵਾਲ ਨੇ ਉਪਰੋਕਤ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ। ਵਾਇਰਲ ਹੋਈ ਆਡੀਓ ਬਾਰੇ ਉਨ੍ਹਾਂ ਕਿਹਾ ਕਿ ਉਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਆਡੀਓ ਨੂੰ ਐਡਿਟ ਕੀਤਾ ਗਿਆ ਸੀ, ਜਦੋਂ ਕਿ ਉਸ ਦਾ ਸਾਰਾ ਕਰੀਅਰ ਸ਼ਾਨਦਾਰ ਰਿਹਾ, ਜਿਸ ਕਾਰਨ ਉਸ ਨੂੰ ਸਕੂਲ ਆਫ ਐਮੀਨੈਂਸ ਦਾ ਪ੍ਰਿੰਸੀਪਲ ਬਣਾਇਆ ਗਿਆ ਸੀ।

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਵਲੋਂ ਅੱਜ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਪ੍ਰਦੀਪ ਕੁਮਾਰ ਖਨਗਵਾਲ, ਪ੍ਰਿੰਸੀਪਲ ਸਕੂਲ ਆਫ ਐਮੀਨੈਂਸ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਰ ਬੁਆਏਜ਼) ਦੀ ਇਤਰਾਜ਼ਯੋਗ ਸ਼ਬਦਾਵਲੀ ਵਾਲੀ ਇਕ ਆਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਵਿਭਾਗ ਦੇ ਅਕਸ ਨੂੰ ਖਰਾਬ ਕਰਨ ਕਾਰਨ ਉਸ ਨੂੰ ਪੰਜਾਬ ਸਿਵਲ ਸਰਵਿਸਿਜ਼ ਸੇਵਾਵਾਂ ਨਿਯਮਾਵਲੀ (ਸਜ਼ਾ ਅਤੇ ਅਪੀਲ) 1970 ਦੇ ਨਿਯਮ 4 (1) ਦੇ ਤਹਿਤ ਸਰਕਾਰੀ ਨੌਕਰੀ ਤੋਂ ਮੁਅੱਤਲ ਕੀਤਾ ਜਾਂਦਾ ਹੈ। ਹੁਕਮਾਂ ’ਚ ਇਹ ਵੀ ਕਿਹਾ ਗਿਆ ਕਿ ਮੁਅੱਤਲੀ ਦੇ ਸਮੇਂ ਦੌਰਾਨ ਉਨ੍ਹਾਂ ਦਾ ਹੈੱਡਕੁਆਟਰ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਪੰਜਾਬ ਦਾ ਦਫਤਰ ਰਹੇਗਾ।

Add a Comment

Your email address will not be published. Required fields are marked *