DGP ਪੰਜਾਬ ਦਾ ਅਹਿਮ ਬਿਆਨ, ਕਿਹਾ- ਗੋਲਡੀ ਬਰਾੜ ਨੂੰ ਬਹੁਤ ਜਲਦ ਲਿਆਂਦਾ ਜਾਵੇਗਾ ਪੰਜਾਬ

ਚੰਡੀਗੜ੍ਹ  : ਅੱਜ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਐਤਵਾਰ ਨੂੰ ਰਾਜਸਥਾਨ ਦੇ ਜੈਪੁਰ ਵਿਖੇ ਪੁਲਸ ਟੀਮਾਂ ਨਾਲ ਹੋਏ ਮੁਕਾਬਲੇ ਤੋਂ ਬਾਅਦ ਪ੍ਰਦੀਪ ਸਿੰਘ ਦੀ ਟਾਰਗੈੱਟ ਕਿਲਿੰਗ ’ਚ ਸ਼ਾਮਲ ਛੇਵੇਂ ਸ਼ੂਟਰ ਨੂੰ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਕੈਨੇਡਾ ਸਥਿਤ ਅੱਤਵਾਦੀ ਗੋਲਡੀ ਬਰਾੜ ਵੱਲੋਂ ਰਚੀ ਗਈ ਸਾਜ਼ਿਸ਼ ਤਹਿਤ ਪ੍ਰਦੀਪ ਨੂੰ 10 ਨਵੰਬਰ 2022 ਨੂੰ ਕੋਟਕਪੂਰਾ ’ਚ ਉਸ ਦੀ ਦੁਕਾਨ ਦੇ ਬਾਹਰ 6 ਸ਼ੂਟਰਾਂ ਨੇ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਡੀ.ਜੀ.ਪੀ. ਪੰਜਾਬ ਨੇ ਦੱਸਿਆ ਕਿ ਗ੍ਰਿਫ਼ਤਾਰ ਛੇਵੇਂ ਸ਼ੂਟਰ ਦੀ ਪਛਾਣ ਰਮਜ਼ਾਨ ਖ਼ਾਨ ਉਰਫ਼ ਰਾਜ ਹੁੱਡਾ ਵਜੋਂ ਹੋਈ ਹੈ। ਇਸ ਟਾਰਗੈੱਟ ਕਿਲਿੰਗ ਦਾ ਮਾਸਟਰਮਾਈਂਡ ਗੋਲਡੀ ਬਰਾੜ ਹੈ, ਜਿਸ ਦਾ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ ਹੈ ਤੇ ਉਸ ਨੂੰ ਬਹੁਤ ਜਲਦ ਪੰਜਾਬ ਲਿਆਂਦਾ ਜਾਵੇਗਾ। ਇਸ ਆਪ੍ਰੇਸ਼ਨ ਨੂੰ ਕੇਂਦਰੀ ਏਜੰਸੀਆਂ ਤੇ ਰਾਜਸਥਾਨ ਪੁਲਸ ਟੀਮਾਂ ਦੇ ਤਾਲਮੇਲ ਨਾਲ ਸਫ਼ਲ ਬਣਾਇਆ ਗਿਆ। ਡੀ.ਜੀ.ਪੀ. ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਨੂੰ ਅਪਰਾਧ, ਨਸ਼ਾ ਅਤੇ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਪੰਜਾਬ ਪੁਲਸ ਪੂਰੀ ਤਰ੍ਹਾਂ ਵਚਨਬੱਧ ਹੈ।

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਵੀ ਗੋਲਡੀ ਬਰਾੜ ਹੀ ਦੱਸਿਆ ਜਾ ਰਿਹਾ ਹੈ, ਜਿਸ ਨੇ 29 ਮਈ ਨੂੰ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।

Add a Comment

Your email address will not be published. Required fields are marked *