ਪੰਜਾਬ ਪੁਲਸ ਨੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤੇ ਵਿਅਕਤੀ ਦੇ ਟਿਕਾਣਿਆਂ ਦੀ ਕੀਤੀ ਜਾਂਚ

ਚੰਡੀਗੜ੍ਹ : ਪੰਜਾਬ ਪੁਲਸ ਨੇ ਸ਼ਨੀਵਾਰ ਨੂੰ ਵਿਸ਼ੇਸ਼ ਮੁਹਿੰਮ ਚਲਾਈ, ਜਿਸ ਤਹਿਤ ਸੂਬੇ ਭਰ ਦੀਆਂ ਪੁਲਸ ਟੀਮਾਂ ਵੱਲੋਂ ਉਨ੍ਹਾਂ ਵਿਅਕਤੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਰੁੱਧ ਅਸਲਾ ਐਕਟ ਤਹਿਤ ਕੇਸ ਦਰਜ ਹਨ। ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਜੀ-20 ਸੰਮੇਲਨ ਦੇ ਮੱਦੇਨਜ਼ਰ ਇਹ ਮੁਹਿੰਮ ਚਲਾਈ ਗਈ। ਮੁਹਿੰਮ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਵੱਖ-ਵੱਖ ਥਾਵਾਂ ’ਤੇ ਇਕੋ ਸਮੇਂ ਚਲਾਈ ਗਈ ਅਤੇ ਸਾਰੇ ਸੀ.ਪੀਜ਼/ਐੱਸ.ਐੱਸ.ਪੀਜ਼ ਨੂੰ ਹਰ ਪੁਲਸ ਸਟੇਸ਼ਨ ‘ਚ ਇਕ ਟੀਮ ਤਾਇਨਾਤ ਕਰਨ ਲਈ ਕਿਹਾ ਗਿਆ, ਜੋ ਪਿਛਲੇ 5 ਸਾਲਾਂ ‘ਚ ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤੇ ਗਏ ਸਾਰੇ ਵਿਅਕਤੀ, ਜੋ ਜ਼ਮਾਨਤ ਜਾਂ ਪੈਰੋਲ ’ਤੇ ਹਨ ਜਾਂ ਬਰੀ ਹੋ ਗਏ ਹਨ, ਦੇ ਟਿਕਾਣਿਆਂ ਅਤੇ ਪਿਛੋਕੜ ਦੀ ਜਾਂਚ ਕਰਨ ਲਈ ਨਿਰਦੇਸ਼ ਦਿੱਤੇ ਗਏ।

ਏ.ਡੀ.ਜੀ.ਪੀ. (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਦੱਸਿਆ ਕਿ 2000 ਪੁਲਸ ਮੁਲਾਜ਼ਮਾਂ ਵਾਲੀਆਂ 400 ਪੁਲਸ ਟੀਮਾਂ ਨੇ ਅਜਿਹੇ 1343 ਵਿਅਕਤੀਆਂ ਦੀ ਜਾਂਚ ਕੀਤੀ, ਜਿਨ੍ਹਾਂ ਵਿਰੁੱਧ ਪਿਛਲੇ 5 ਸਾਲਾਂ ਵਿੱਚ ਅਸਲਾ ਐਕਟ ਤਹਿਤ ਮਾਮਲਾ ਦਰਜ ਸੀ। ਇਨ੍ਹਾਂ ‘ਚੋਂ 1194 ਵਿਅਕਤੀ ਪੈਰੋਲ ਜਾਂ ਜ਼ਮਾਨਤ ’ਤੇ ਸਨ। ਇਸ ਕਾਰਵਾਈ ਦੌਰਾਨ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਕੌਮਾਂਤਰੀ ਸਰਹੱਦੋਂ ਪਾਰ ਅਤੇ ਉੱਤਰ ਪ੍ਰਦੇਸ਼, ਬਿਹਾਰ ਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਦੀਆਂ ਅੰਤਰਰਾਜੀ ਸਰਹੱਦਾਂ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ’ਤੇ ਰੋਕ ਲਗਾਉਣ ਦੇ ਨਾਲ-ਨਾਲ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਪੈਨੀ ਨਜ਼ਰ ਰੱਖਣਾ ਸੀ। ਇਸ ਤਰ੍ਹਾਂ ਦੇ ਆਪ੍ਰੇਸ਼ਨ ਸਮਾਜ ਵਿਰੋਧੀ ਅਨਸਰਾਂ ‘ਚ ਡਰ ਪੈਦਾ ਕਰਨ ਅਤੇ ਆਮ ਲੋਕਾਂ ‘ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿੱਚ ਵੀ ਮਦਦ ਕਰਦੇ ਹਨ।

Add a Comment

Your email address will not be published. Required fields are marked *