ਧੀ ਦੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਸਹੁਰਾ ਪਰਿਵਾਰ ‘ਤੇ ਲਾਏ ਵੱਡੇ ਇਲਜ਼ਾਮ

ਸੁਨਾਮ,: ਪਿੰਡ ਰਟੋਲਾਂ ਤੋਂ ਸ਼ੇਰੋ ਪਿੰਡ ’ਚ ਕੁਝ ਮਹੀਨੇ ਪਹਿਲਾਂ ਵਿਆਹੀ ਇਕ ਔਰਤ ਦੀ ਲਾਸ਼ ਮਿਲਣ ਨਾਲ ਪੇਕੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਥਾਣਾ ਚੀਮਾ ਪੁਲਸ ਵੱਲੋਂ ਸਹੁਰੇ ਪਰਿਵਾਰ ਦੇ 7 ਮੈਂਬਰਾਂ ਖ਼ਿਲਾਫ਼ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲਸ ਨੂੰ ਸੁਖਚੈਨ ਸਿੰਘ ਵੱਲੋਂ ਦਿੱਤੇ ਬਿਆਨ ਮੁਤਾਬਕ ਉਸ ਦੀ ਭੈਣ ਸੰਦੀਪ ਕੌਰ ਦਾ ਵਿਆਹ ਦਿਲਪ੍ਰੀਤ ਸਿੰਘ ਨਾਲ ਸੇਰੋਂ ਵਿਖੇ ਹੋਇਆ ਸੀ ਤੇ ਭੈਣ ਦੇ ਵਿਆਹ ’ਤੇ 60 ਲੱਖ ਰੁਪਏ ਖਰਚ ਕੀਤੇ।

ਉਨ੍ਹਾਂ ਦੱਸਿਆ ਕਿ ਉਸ ਦੀ ਭੈਣ ਸੰਦੀਪ ਕੌਰ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਸੰਦੀਪ ਨੇ ਸਹੁਰਾ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਪੀੜਤਾ ਦੇ ਸਹੁਰਾ ਪਰਿਵਾਰ ਨੂੰ ਸਮਝਾਇਆ ਤੇ ਆਪਣੀ ਭੈਣ ਨੂੰ ਨਾਲ ਲਿਜਾਣ ਲਈ ਕਿਹਾ ਪਰ ਉਨ੍ਹਾਂ ਨੇ ਉਸ ਦੀ ਭੈਣ ਨੂੰ ਨਾਲ ਨਾ ਭੇਜਿਆ, ਫਿਰ ਉਹ ਸਾਰੇ ਵਾਪਸ ਆ ਗਏ।

ਉਨ੍ਹਾਂ ਦੱਸਿਆ ਕਿ ਸਾਨੂੰ ਵਿਚੋਲੇ ਕਮਲਜੀਤ ਸਿੰਘ ਦਾ ਫੋਨ ਆਇਆ ਕਿ ਉਸ ਦੀ ਭੈਣ ਦੀ ਮੌਤ ਹੋ ਗਈ ਤੇ ਸੁਨਾਮ ਹਸਪਤਾਲ ’ਚ ਆ ਜਾਓ, ਜਦੋਂ ਉਹ ਸੁਨਾਮ ਪਹੁੰਚੇ ਤਾਂ ਉਸ ਦੇ ਸਹੁਰਾ ਪਰਿਵਾਰ ਨੇ ਕਿਹਾ ਕਿ ਉਹ ਸੰਗਰੂਰ ਵਿਖੇ ਦਾਖਲ ਹੈ, ਜਦੋਂ ਉਹ ਸੰਗਰੂਰ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੰਦੀਪ ਕੌਰ ਦੀ ਮੌਤ ਹੋ ਚੁੱਕੀ ਹੈ। ਲਾਸ਼ ਨੂੰ ਉਸ ਦਾ ਸਹੁਰਾ ਪਰਿਵਾਰ ਗੱਡੀ ’ਚ ਵਾਪਸ ਲੈ ਗਿਆ ਹੈ, ਫਿਰ ਜਦੋਂ ਉਹ ਪਿੰਡ ਸੇਰੋਂ ਪਹੁੰਚੇ ਤਾਂ ਉਸ ਦੀ ਭੈਣ ਦਾ ਪੂਰਾ ਸਹੁਰਾ ਪਰਿਵਾਰ ਫਰਾਰ ਹੋ ਚੁੱਕਾ ਸੀ। ਉਸ ਦੀ ਭੈਣ ਦੀ ਮ੍ਰਿਤਕ ਦੇਹ ਗੱਡੀ ’ਚ ਪਈ ਸੀ। ਉਸੇ ਗੱਡੀ ’ਚ ਹੀ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਸੰਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਮ੍ਰਿਤਕਾ ਦੇ ਗਲ਼ੇ ’ਤੇ ਰੱਸੀ ਦੇ ਨਿਸ਼ਾਨ ਸਨ।

ਇਸ ਮੌਕੇ ਥਾਣਾ ਚੀਮਾ ਦੇ ਮੁਖੀ ਨੇ ਦੱਸਿਆ ਕਿ ਸੰਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪੋਸਟਮਾਰਟਮ ਦੀ ਜੋ ਵੀ ਰਿਪੋਰਟ ਆਵੇਗੀ, ਉਸ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

Add a Comment

Your email address will not be published. Required fields are marked *