ਵੀਹ-ਵੀਹ ਲੱਖ ’ਚ ਵਿਕੀਆਂ ਨਾਇਬ ਤਹਿਸੀਲਦਾਰੀਆਂ

ਪਟਿਆਲਾ, 15 ਨਵੰਬਰ

ਨਤੀਜੇ ਤੋਂ ਤੁਰੰਤ ਬਾਅਦ ਚਰਚਾ ’ਚ ਆਇਆ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਘੁਟਾਲੇ ਦਾ ਮਾਮਲਾ ਹੁਣ ਸਪੱਸ਼ਟ ਹੋ ਗਿਆ ਹੈ। ਪੇਪਰ ਲੀਕ ਕਰ ਕੇ ਨਕਲ ਕਰਵਾਉਣ ਤੇ ਨਕਲ ਲਈ ਆਧੁਨਿਕ ਤਕਨੀਕ ਦੀ ਵਰਤੋਂ ਸਾਹਮਣੇ ਆਈ ਹੈ। ਇਸ ਲਈ ਵਾਇਰਲੈੱਸ ਕੈਮਰਿਆਂ ਤੇ ਮੋਬਾਈਲ ਫੋਨ ਦੇ ਸਿਮ ਕਾਰਡ ਦੇ ਅਕਾਰ ਦੀ ‘ਜੀਐੱਸਐਮ’ ਨਾਮਕ ਡਿਵਾਈਸ ਮੁੱਖ ਰੂਪ ’ਚ ਵਰਤੀ ਗਈ ਦੱਸੀ ਜਾ ਰਹੀ ਹੈ।  ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ, ਐੱਸਐੱਸਪੀ ਵਰੁਣ ਸ਼ਰਮਾ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਅੱਜ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਨਕਲ ਕਰਵਾ ਕੇ ਨਾਇਬ ਤਹਿਸੀਲਦਾਰ ਭਰਤੀ ਹੋਣ ਯੋਗ ਅੰਕ ਯਕੀਨੀ ਬਣਾਉਣ ਲਈ ਪ੍ਰਤੀ ਉਮੀਦਵਾਰ 22 ਲੱਖ ਰੁਪਏ ’ਚ ਸੌਦਾ ਕੀਤਾ ਗਿਆ ਸੀ। ਪਟਿਆਲਾ ਪੁਲੀਸ ਨੇ ਇਸ  ਮਾਮਲੇ ਦੀ ਤਹਿ ਤੱਕ ਜਾਂਦਿਆਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਉਹ ਇਲੈਕਟ੍ਰੌਨਿਕ ਉਪਕਰਨ ਬਰਾਮਦ ਕਰ ਲਏ ਗਏ ਹਨ ਜੋ ਨਾਇਬ ਤਹਿਸੀਲਦਾਰਾਂ ਦੇ ਇਮਤਿਹਾਨ ਦੌਰਾਨ  ਨਕਲ ਕਰਵਾਉਣ ਲਈ ਵਰਤੇ ਗਏ ਸਨ। ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਵੱਲੋਂ ਸੱਤਾ ਸੰਭਾਲਦਿਆਂ ਹੀ ਨਾਇਬ ਤਹਿਸੀਲਦਾਰਾਂ ਦੀਆਂ 78 ਆਸਾਮੀਆਂ  ਲਈ 22 ਮਈ 2022 ਨੂੰ  ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਪ੍ਰੀਖਿਆ ਕੇਂਦਰ ਬਣਾ ਕੇ ਲਿਖਤੀ ਇਮਤਿਹਾਨ ਲਿਆ ਗਿਆ ਸੀ। ਇਸ ਦਾ ਨਤੀਜਾ 8 ਸਤੰਬਰ 2022 ਨੂੰ ਐਲਾਨਿਆ ਗਿਆ। ਇਸ ਮਾਮਲੇ ਦੀ ਜਾਂਚ ਕਈ ਜ਼ਿਲ੍ਹਿਆਂ ਦੀ ਪੁਲੀਸ ਵੱਲੋਂ ਕੀਤੀ ਗਈ ਸੀ। ਪਟਿਆਲਾ ਪੁਲੀਸ ਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਇਸ ਮਾਮਲੇ ਨੂੰ ਬਾਰੀਕੀ  ਨਾਲ਼ ਘੋਖਣ ਉਤੇ ਸਾਹਮਣੇ ਆਇਆ ਕਿ ਇਸ ਇਮਤਿਹਾਨ ਦੌਰਾਨ ਕੁਝ ਉਮੀਦਵਾਰਾਂ ਨੇ ਬੜੇ ਹੀ ਯੋਜਨਾਬੱਧ  ਢੰਗ ਨਾਲ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਨਕਲ ਮਾਰ ਕੇ ਪੇਪਰ ਪਾਸ ਕੀਤਾ ਹੈ। ਅਜਿਹੇ ਉਮੀਦਵਾਰਾਂ ’ਚ ਪਹਿਲੇ ਦਸ ਨੰਬਰਾਂ ’ਤੇ ਆਉਣ ਵਾਲੇ ਕੁਝ ਉਮੀਦਵਾਰ ਵੀ ਸ਼ਾਮਲ ਦੱਸੇ ਗਏ ਹਨ। ਇਸ ਮਾਮਲੇ ਵਿਚ ਥਾਣਾ ਕੋਤਵਾਲੀ ਪਟਿਆਲਾ ’ਚ ਕੇਸ ਦਰਜ ਕੀਤਾ ਗਿਆ ਸੀ। 

ਵਾਇਰਲੈੱਸ ਕੈਮਰਿਆਂ ਨਾਲ ਪ੍ਰਸ਼ਨ ਪੱਤਰ ਕੀਤਾ ਗਿਆ ਲੀਕ

ਪੁਲੀਸ ਨੇ ਇਸ ਮਾਮਲੇ ਵਿਚ ਪਟਿਆਲਾ ਦੇ ਪਿੰਡ ਦੇਧਨਾ ਵਾਸੀ ਨਵਰਾਜ ਚੌਧਰੀ ਤੇ ਗੁਰਪ੍ਰੀਤ ਸਿੰਘ ਤੇ ਪਟਿਆਲਾ ਦੇ ਹੀ ਪਿੰਡ ਭੁੱਲਾਂ ਦੇ ਜਤਿੰਦਰ ਸਿੰਘ ਸਮੇਤ ਹਰਿਆਣਾ ਦੇ ਪਿੰਡ ਰਮਾਣਾ-ਰਾਮਾਣੀ ਦੇ ਵਸਨੀਕ ਸੋਨੂੰ ਕੁਮਾਰ ਅਤੇ ਨਛੜ ਖੇੜਾ ਦੇ ਵਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਪੇਪਰ ਪਾਸ ਕਰਵਾਉਣ ਲਈ ਵੱਖ ਵੱਖ ਉਮੀਦਵਾਰਾਂ ਨਾਲ 20 ਤੋਂ 22 ਲੱਖ ਰੁਪਏ ’ਚ ਸੌਦਾ ਕੀਤਾ ਸੀ। ਵੇਰਵਿਆਂ ਮੁਤਾਬਕ ਡੱਮੀ ਉਮੀਦਵਾਰਾਂ ਵਜੋਂ ਸ਼ਾਮਲ ਕੀਤੇ ਗਏ ਕੁਝ ਵਿਅਕਤੀਆਂ ਵੱਲੋਂ ਮਿੱਥੀ ਯੋਜਨਾ ਤਹਿਤ ਛੁਪਾ ਕੇ ਪ੍ਰੀਖਿਆ ਕੇਂਦਰਾਂ ’ਚ ਲਿਜਾਏ ਗਏ ਵਾਇਰਲੈੱਸ ਕੈਮਰਿਆਂ ਨਾਲ ਪ੍ਰਸ਼ਨ ਪੱਤਰ ਦੀ ਕੀਤੀ ਗਈ ਫੋਟੋ ਕੇਂਦਰ ਦੇ ਨਜ਼ਦੀਕ ਹੀ ਬੈਠੇ  ਨਕਲ ਕਰਵਾਉਣ ਵਾਲੇ ਗਰੋਹ ਦੇ ਮੈਂਬਰ ਕੋਲ ਪੁੱਜਦੀ ਕੀਤੀ। ਇਸ ਸਬੰਧੀ ਹਰਿਆਣਾ ’ਚ ਇੱਕ ਥਾਂ ਕੰਟਰੋਲ ਰੂਮ ਬਣਾਇਆ ਗਿਆ ਸੀ, ਜਿੱਥੇ ਬੈਠੇ ਮਾਹਿਰਾਂ ਵੱਲੋਂ ਸਾਰੇ ਪ੍ਰ੍ਰਸ਼ਨਾਂ ਦੇ ਉੱਤਰ ਲਿਖ ਕੇ ਉਸੇ ਵਿਅਕਤੀ ਨੂੰ ਵਾਪਸ ਭੇਜੇ  ਗਏ, ਜਿਸ ਵੱੱਲੋਂ ਪੇਪਰ ਦੀ ਫੋਟੋ ਭੇਜੀ ਗਈ ਸੀ। ਪੁਲੀਸ ਮੁਤਾਬਕ ਭਾਵੇਂ ਅਜੇ ਕਿਸੇ ਵੀ ਉਮੀਦਵਾਰ ਨੂੰ ਗ੍ਰਿਫ਼ਤਾਰ ਨਹੀਂ  ਕੀਤਾ ਗਿਆ, ਪਰ ਜਲਦੀ ਹੀ ਕਈ ਉਮੀਦਵਾਰਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਤੈਅ ਹਨ। ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲੈ ਲਿਆ ਗਿਆ ਹੈ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ  ਹੈ।

ਮਜੀਠੀਆ ਤੇ ਖਹਿਰਾ ਨੇ ਨਤੀਜਿਆਂ ’ਤੇ ਉਠਾਏ ਸਨ ਸਵਾਲ

ਪ੍ਰੀਖਿਆ ਦੇ ਨਤੀਜੇ ਦਾ ਐਲਾਨ ਹੁੰਦਿਆਂ ਹੀ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਸਿੱੱਧੇ ਤੌਰ ’ਤੇ ਇਸ ਭਰਤੀ ’ਚ ਗੜਬੜੀ ਹੋਣ ਦੇ ਦੋਸ਼ ਲਾਏ ਗਏ ਸਨ। ਖਾਸ ਤੌਰ ’ਤੇ ਸੁਖਪਾਲ ਖਹਿਰਾ ਨੇ ਹੇਠਲੇ ਪੱਧਰ ਦੇ ਇਮਤਿਹਾਨਾਂ ’ਚ ਅਸਫ਼ਲ ਰਹਿਣ ਵਾਲੇ ਕੁਝ ਉਮੀਦਵਾਰਾਂ ਵੱਲੋਂ ਨਾਇਬ ਤਹਿਸੀਲਦਾਰਾਂ ਦਾ ਇਹ ਇਮਤਿਹਾਨ ਵਧੇਰੇ ਅੰਕਾਂ ਨਾਲ ਪਾਸ ਕਰਨ ਉਤੇ ਸਵਾਲ ਵੀ ਉਠਾਏ ਸਨ। 

Add a Comment

Your email address will not be published. Required fields are marked *