ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਨਾਂ ‘ਤੇ ਫੇਸਬੁੱਕ ID ਬਣਾ ਕੇ ਵਪਾਰੀ ਤੋਂ ਮੰਗੀ ਲੱਖਾਂ ਰੁਪਏ ਦੀ ਫ਼ਿਰੌਤੀ

ਕੋਟਕਪੂਰਾ – ਇਕ ਨਾਮੀ ਗੈਂਗਸਟਰ ਦੀ ਫੇਕ ਫੇਸਬੁੱਕ ਆਈ. ਡੀ. ਬਣਾ ਕੇ ਸ਼ਹਿਰ ਦੇ ਇਕ ਪ੍ਰਮੁੱਖ ਵਪਾਰੀ ਤੋਂ ਲੱਖਾਂ ਰੁਪਏ ਦੀ ਫ਼ਿਰੌਤੀ ਮੰਗਣ ਵਾਲੇ ਇਕ ਵਿਅਕਤੀ ਨੂੰ ਥਾਣਾ ਸਿਟੀ ਪੁਲਸ ਕੋਟਕਪੂਰਾ ਨੇ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਵਿਅਕਤੀ ਕੁੱਝ ਸਮੇਂ ਤੋਂ ਪਰਿਵਾਰ ਨੂੰ ਧਮਕੀਆਂ ਦੇ ਕੇ ਫਿਰੌਤੀ ਨਾ ਦੇਣ ਦੀ ਸੂਰਤ ਵਿਚ ਉਨ੍ਹਾਂ ਦੇ ਬੱਚਿਆਂ ਦਾ ਨੁਕਸਾਨ ਕਰਨ ਦਾ ਡਰਾਵਾ ਦੇ ਰਿਹਾ ਸੀ। ਇਸ ਸਬੰਧ ਵਿਚ ਸਥਾਨਕ ਡੀ. ਐੱਸ. ਪੀ. ਦਫਤਰ ਵਿਖੇ ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀ. ਐੱਸ. ਪੀ. ਕੋਟਕਪੂਰਾ ਨੇ ਇੰਸਪੈਕਟਰ ਅਮ੍ਰਿਤਪਾਲ ਸਿੰਘ ਭਾਟੀ ਐੱਸ. ਐੱਚ. ਓ. ਥਾਣਾ ਸਿਟੀ ਅਤੇ ਐੱਸ. ਆਈ. ਹਰਪ੍ਰੀਤ ਸਿੰਘ ਦੀ ਮੌਜੂਦਗੀ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਮਲਦੀਪ ਪੁੱਤਰ ਤਰਸੇਮ ਕੁਮਾਰ ਵਾਸੀ ਨੇੜੇ ਡੇਰਾ ਸਤਿ ਕਰਤਾਰ, ਲੱਭੂ ਰਾਮ ਵਾਲੀ ਗਲੀ, ਕੋਟਕਪੂਰਾ ਨੇ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਨਾਂ ’ਤੇ ਫੇਸਬੁੱਕ ਆਈ. ਡੀ. ਬਣਾ ਕੇ ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀ ਢੋਢਾ ਹਾਊਸ ਦੇ ਮਾਲਕ ਤੋਂ ਫਿਰੌਤੀ ਦੀ ਮੰਗ ਕੀਤੀ।

ਉਨ੍ਹਾਂ ਦੱਸਿਆ ਕਿ ਕਿਸੇ ਗੈਂਗਸਟਰ ਵੱਲੋਂ ਧਮਕੀ ਮਿਲਣ ‘ਤੇ ਪਰਿਵਾਰ ਦੇ ਮੈਂਬਰ ਡਰੇ ਹੋਏ ਸਨ ਪਰ ਪੁਲਸ ਨੂੰ ਆਪਣੇ ਪੱਧਰ ‘ਤੇ ਜਾਣਕਾਰੀ ਮਿਲੀ ਕਿ ਉਕਤ ਵਿਅਕਤੀ ਕਮਲਦੀਪ ਨੇ ਆਪਣੇ ਮੋਬਾਈਲ ਫ਼ੋਨ ’ਤੇ ਗੈਂਗਸਟਰ ਸੁਖਪ੍ਰੀਤ ਬੁੱਢਾ ਦਾ ਜਾਅਲੀ ਫੇਸਬੁੱਕ ਅਕਾਊਂਟ ਬਣਾਇਆ ਹੋਇਆ ਹੈ ਅਤੇ ਫੇਸਬੁੱਕ ਮੈਸੰਜਰ ਰਾਹੀਂ ਫਿਰੌਤੀ ਲੈਣ ਲਈ ਧਮਕੀਆਂ ਭੇਜ ਰਿਹਾ ਹੈ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਰਿਵਾਰ ਦੇ ਬੱਚਿਆਂ ਦਾ ਜਾਨੀ ਨੁਕਸਾਨ ਕਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਸ ਵੱਲੋਂ ਤਕਨੀਕੀ ਢੰਗ ਨਾਲ ਤੱਥਾਂ ਦੀ ਪੂਰੀ ਤਰ੍ਹਾਂ ਪੜਤਾਲ ਕੀਤੀ ਗਈ ਅਤੇ ਐੱਸ.ਆਈ. ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਕਮਲਦੀਪ ਪੁੱਤਰ ਤਰਸੇਮ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਡੀ. ਐੱਸ. ਪੀ. ਸ਼ੇਰਗਿੱਲ ਨੇ ਦੱਸਿਆ ਕਿ ਇਸ ’ਤੇ ਪਹਿਲਾਂ ਵੀ ਇਕ ਡਰੱਗ ਦਾ ਮਾਮਲਾ ਦਰਜ ਹੈ ਅਤੇ ਇਸ ਬਾਰੇ ਹੋਰ ਵੀ ਤਫਤੀਸ਼ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *