ਸਰਕਾਰੀ ਸਕੂਲਾਂ ’ਚ ਦਾਖ਼ਲਿਆਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਅਹਿਮ ਬਿਆਨ

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ’ਚ ਭਲਕੇ (10 ਮਾਰਚ) ਤੋਂ ਨਵੇਂ ਦਾਖ਼ਲੇ ਕਰਨ ਦੀ ਵੱਡੀ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ। ਅੱਜ ਇਥੇ ਸੂਬੇ ਦੇ ਸਮੂਹ ਸਿੱਖਿਆ ਅਧਿਕਾਰੀਆਂ ਅਤੇ ਜ਼ਿਲ੍ਹਾ ਟੀਮਾਂ ਨਾਲ ਹੋਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਖ਼ਲਾ ਮੁਹਿੰਮ ਦੇ ਪਹਿਲੇ ਦਿਨ ’ਚ 1 ਲੱਖ ਨਵੇਂ ਵਿਦਿਆਰਥੀ ਦਾਖ਼ਲ ਕਰਨ ਦਾ ਟੀਚਾ ਰੱਖਿਆ ਹੈ। ਇਹ ਮੁਹਿੰਮ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲੇਗੀ।

ਬੈਂਸ ਨੇ ਕਿਹਾ ਕਿ ਉਹ ਇਸ ਮੁਹਿੰਮ ਦੀ ਖੁਦ ਨਿਗਰਾਨੀ ਕਰਨਗੇ। ਮੀਟਿੰਗ ਦੌਰਾਨ ਬੈਂਸ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਦਾਖ਼ਲਾ ਮੁਹਿੰਮ-2023 ਨੂੰ ਹੋਰ ਅਸਰਦਾਰ ਬਣਾਉਣ ਵਾਸਤੇ 10 ਮਾਰਚ 2023 ਤੋਂ ਲੈ ਕੇ 31 ਮਾਰਚ 2023 ਤੱਕ ਪੰਜਾਬ ਦੇ ਹਰੇਕ ਸਰਕਾਰੀ ਸਕੂਲ ਦੇ ਮੇਨ ਗੇਟ ’ਤੇ ਦਾਖ਼ਲਾ ਬੂਥ ਲਗਾਉਣ ਦੇ ਹੁਕਮ ਦਿੰਦਿਆਂ ਕਿਹਾ ਕਿ ਇਨ੍ਹਾਂ ਬੂਥਾਂ ‘ਤੇ ਸਕੂਲ ਖੁੱਲ੍ਹਣ ਦੇ ਸਮੇਂ ਤੋਂ ਲੈ ਕੇ ਸਾਰੀ ਛੁੱਟੀ ਹੋਣ ਤੱਕ ਟੀਚਿੰਗ/ਨਾਨ-ਟੀਚਿੰਗ ਸਟਾਫ਼ ਡਿਊਟੀ ’ਤੇ ਬੈਠੇਗਾ ਅਤੇ ਰਜਿਸਟਰ ’ਤੇ ਦਾਖ਼ਲਿਆਂ ਸਬੰਧੀ ਰਜਿਸਟ੍ਰੇਸ਼ਨ ਕਰੇਗਾ।

ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੋਚ ਅਨੁਸਾਰ ਸਰਕਾਰੀ ਸਕੂਲਾਂ ’ਚ ਸਿੱਖਿਆ ਦਾ ਮਿਆਰ ਸੁਧਾਰ ਕੇ ਅੰਤਰਰਾਸ਼ਟਰੀ ਪੱਧਰ ਤੱਕ ਕਰਨ ਵਾਸਤੇ ਹਰ ਅਧਿਕਾਰੀ ਪੂਰੀ ਲਗਨ, ਤਨਦੇਹੀ ਅਤੇ ਈਮਾਨਦਾਰੀ ਨਾਲ ਕੰਮ ਕਰਨ। ਬੈਂਸ ਨੇ ਕਿਹਾ ਕਿ ਸਭ ਤੋਂ ਵੱਧ ਨਵਾਂ ਦਾਖ਼ਲਾ ਕਰਨ ਵਾਲੇ ਸਕੂਲ ਸਟਾਫ਼ ਨੂੰ ਜਿੱਥੇ ਪ੍ਰਸ਼ੰਸਾ ਪੱਤਰ ਅਤੇ ਸਕੂਲ ਨੂੰ ਵਿਸ਼ੇਸ਼ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਉਥੇ ਨਾਲ ਹੀ ਪੰਜਾਬ ਦੇ ਹਰਮਨਪਿਆਰੇ ਆਗੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਵੀ ਕਰਵਾਈ ਜਾਵੇਗੀ।

Add a Comment

Your email address will not be published. Required fields are marked *