ਪੰਜਾਬ ਪੁਲੀਸ ਵੱਲੋਂ ਸਰਹੱਦੀ ਜ਼ਿਲ੍ਹਿਆਂ ’ਚ ਤਲਾਸ਼ੀ ਮੁਹਿੰਮ

ਅੰਮ੍ਰਿਤਸਰ, 5 ਅਗਸਤ

ਪੰੰਜਾਬ ਪੁਲੀਸ ਨੇ ਵੀਰਵਾਰ ਰਾਤ ਬੀਐੱਸਐਫ ਦੇ ਸਹਿਯੋਗ ਨਾਲ ਸੱਤ ਸਰਹੱਦੀ ਪੁਲੀਸ ਜ਼ਿਲ੍ਹਿਆਂ ਅੰਮ੍ਰਿਤਸਰ ਦਿਹਾਤੀ, ਪਠਾਨਕੋਟ, ਗੁਰਦਾਸਪੁਰ, ਬਟਾਲਾ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿਚ ਕਰੀਬ ਦਸ ਘੰਟੇ ਤਲਾਸ਼ੀ ਮੁਹਿੰਮ ਚਲਾਈ। ਏਡੀਜੀਪੀ ਡਾ. ਨਰੇਸ਼ ਅਰੋੜਾ ਨੇ ਦੱਸਿਆ ਕਿ ਸਰਹੱਦ ਪਾਰੋਂ ਡਰੋਨ ਰਾਹੀਂ ਹੋ ਰਹੀ ਤਸਕਰੀ ਇਸ ਵੇਲੇ ਪੁਲੀਸ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਪੁਲੀਸ ਇਸ ਚੁਣੌਤੀ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਮੌਕੇ ਆਈਜੀ ਬਾਰਡਰ ਰੇਂਜ ਮੋਹਨੀਸ਼ ਚਾਵਲਾ ਅਤੇ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਸਵਪਨ ਸ਼ਰਮਾ ਵੀ ਹਾਜ਼ਰ ਸਨ। ਇਸੇ ਤਰ੍ਹਾਂ ਬਾਕੀ ਜ਼ਿਲ੍ਹਿਆਂ ਵਿੱਚ ਆਈਜੀ, ਡੀਆਈਜੀ, ਏਆਈਜੀ ਪੱਧਰ ਦੇ ਅਧਿਕਾਰੀਆਂ ਨੇ ਇਸ ਅਪਰੇਸ਼ਨ ਦੀ ਨਿਗਰਾਨੀ ਕੀਤੀ। ਡੀਜੀਪੀ ਗੌਰਵ ਯਾਦਵ ਵੱਲੋਂ ਜਾਰੀ ਕੀਤੇ ਇਕ ਬਿਆਨ ਵਿੱਚ ਦੱਸਿਆ ਗਿਆ ਕਿ ਸਰਹੱਦੀ ਜ਼ਿਲਿਆਂ ਵਿੱਚ ਲਗਭਗ 100 ਥਾਵਾਂ ’ਤੇ ਰਾਤ ਭਰ ਨਾਕੇ ਲਗਾਏ ਗਏ ਸਨ। ਕਈ ਪਿੰਡਾਂ ਅਤੇ ਕਈ ਸ਼ੱਕੀ ਘਰਾਂ ਦੀ ਵਿਸ਼ੇਸ਼ ਤਲਾਸ਼ੀ ਲਈ ਗਈ ਤੇ ਘੇਰਾਬੰਦੀ ਕੀਤੀ ਗਈ। ਸਬੰਧਤ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਤੋਂ ਇਲਾਵਾ ਇਸ ਮੁਹਿੰਮ ਵਿਚ 60 ਗਜ਼ਟਿਡ ਅਧਿਕਾਰੀਆਂ, 2500 ਪੁਲੀਸ ਕਰਮਚਾਰੀਆਂ ਅਤੇ ਆਰਮਡ ਪੁਲੀਸ ਦੇ ਕਰਮਚਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਮੁਹਿੰਮ ਵਿਚ ਬੀਐੱਸਐਫ ਦੇ ਅਧਿਕਾਰੀ ਤੇ ਜਵਾਨ ਵੀ ਸ਼ਾਮਲ ਸਨ। ਇਹ ਸਾਂਝਾ ਤਲਾਸ਼ੀ ਅਪਰੇਸ਼ਨ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਲੰਮੀ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਚਲਾਇਆ ਗਿਆ ਹੈ। 

Add a Comment

Your email address will not be published. Required fields are marked *