ਅੰਸਾਰੀ ਮਾਮਲੇ ‘ਤੇ CM ਮਾਨ ਦਾ ਇਕ ਹੋਰ ਖ਼ੁਲਾਸਾ

ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿਚ ਰੱਖਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਵਾਰ-ਪਲਟਵਾਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਵਿਚਾਲੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਟਵੀਟ ਆਇਆ ਹੈ। 

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਗਈ ਇਕ ਚਿੱਠੀ ਸਾਂਝੀ ਕੀਤੀ ਹੈ। 1 ਅਪ੍ਰੈਲ 2021 ਵਿਚ ਲਿਖੀ ਗਈ ਇਸ ਚਿੱਠੀ ਮੁਤਾਬਕ ਰੰਧਾਵਾ ਵੱਲੋਂ ਕੈਪਟਨ ਨੂੰ ਅੰਸਾਰੀ ਦੇ ਮਸਲੇ ‘ਤੇ ਸਥਿਤੀ ਸਪਸ਼ਟ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਰੰਧਾਵਾ ਨੇ ਮੀਡੀਆ ਅਤੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜ਼ਿਕਰ ਕਰਦਿਆਂ ਇਸ ਨੂੰ ਗੰਭੀਰ ਮਸਲਾ ਦੱਸਿਆ ਸੀ ਤੇ ਬਣਦੀ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਸੀ। 

CM ਮਾਨ ਨੇ ਚਿੱਠੀ ਸਾਂਝੀ ਕਰਦਿਆਂ ਲਿਖਿਆ, “ਜੇਲ੍ਹ ਮੰਤਰੀ ਕਹਿ ਰਹੇ ਨੇ ਮੈਨੂੰ ਕੁਛ ਪਤਾ ਨਹੀਂ, ਮੁੱਖ ਮੰਤਰੀ ਕਹਿ ਰਹੇ ਨੇ ਮੈਂ ਜ਼ਿੰਦਗੀ ‘ਚ ਕਦੇ ਅੰਸਾਰੀ ਨੂੰ ਮਿਲਿਆ ਨਹੀਂ। ਜੇਲ੍ਹਾਂ ‘ਚ ਕੌਣ ਆਇਆ ਕੌਣ ਗਿਆ, ਕਿਸ ਨੂੰ ਪਤਾ ਸੀ?? ਆਹ ਚਿੱਠੀ ਜਨਤਕ ਕਰ ਰਿਹਾ ਹਾਂ। ਲੋਕਾਂ ਨੂੰ ਪਤਾ ਲੱਗਣਾ ਚਾਹੀਦੈ ਕਿ ਤਜਰਬੇਕਾਰ ਸਰਕਾਰ ਕਿਵੇਂ ਚੱਲਦੀ ਸੀ। ਹੋਰ ਖ਼ੁਲਾਸੇ ਜਲਦੀ।”

ਜ਼ਿਕਰਯੋਗ ਹੈ ਕਿ ਪੰਜਾਬ ਦੀ ਜੇਲ੍ਹ ਵਿਚ ਰਹੇ ਯੂ. ਪੀ. ਦੇ ਗੈਂਗਸਟਰ ਅੰਸਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਹਾ ਸੀ ਕਿ ਯੂ. ਪੀ. ਦੇ ਗੈਂਗਸਟਰ ਅੰਸਾਰੀ ਨੂੰ ਆਪਣੀ ਦੋਸਤੀ ਨਿਭਾਉਣ ਲਈ ਪੰਜਾਬ ਦੀ ਜੇਲ੍ਹ ਵਿਚ ਰੱਖਣ ਅਤੇ ਉਸਦਾ ਕੇਸ ਸੁਪਰੀਮ ਕੋਰਟ ’ਚ ਲੜਣ ਦੀ ਫ਼ੀਸ 55 ਲੱਖ ਰੁਪਏ ਪੰਜਾਬ ਦੇ ਖ਼ਜ਼ਾਨੇ ’ਚੋਂ ਨਹੀ ਦਿੱਤੇ ਜਾਣਗੇ। ਉਸ ਵੇਲੇ ਦੇ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਹ ਪੈਸਾ ਵਸੂਲਿਆ ਜਾਵੇਗਾ।  ਮੁੱਖ ਮੰਤਰੀ ਨੇ ਸਾਫ਼ ਆਖਿਆ ਹੈ ਕਿ ਗੈਂਗਸਟਰ ਅੰਸਾਰੀ ਦੇ ਸੁਪਰੀਮ ਕੋਰਟ ਵਿਚ ਲੜੇ ਗਏ ਕੇਸ ’ਤੇ 55 ਲੱਖ ਰੁਪਿਆ ਲੱਗਾ ਹੈ, ਇਹ ਜਨਤਾ ਦਾ ਪੈਸਾ ਹੈ ਅਤੇ ਜਨਤਾ ਦੀ ਭਲਾਈ ਲਈ ਖ਼ਰਚਿਆ ਜਾਵੇਗਾ। ਇਹ ਪੈਸਾ ਪੰਜਾਬ ਸਰਕਾਰ ਨਹੀਂ ਦੇਵੇਗੀ। ਮੁੱਖ ਮੰਤਰੀ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਇਹ ਪੈਸਾ ਉਸ ਸਮੇਂ ਦੇ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਸੂਲਿਆ ਜਾਵੇਗਾ, ਜੇਕਰ ਉਹ ਨਹੀਂ ਦਿੰਦੇ ਹਨ ਤਾਂ ਜਿਹੜੀਆਂ ਸਰਕਾਰੀ ਸੁੱਖ ਸਹੂਲਤਾਂ ਉਹ ਮਾਣ ਰਹੇ ਹਨ ਉਹ ਰੱਦ ਕਰ ਦਿੱਤੀਆਂ ਜਾਣਗੀਆਂ। 

Add a Comment

Your email address will not be published. Required fields are marked *