ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ਨੂੰ ਦਿੱਤੀ RSS ਸ਼ਿਵਰਾਂ ‘ਚ ਜਾਣ ਦੀ ਸਲਾਹ

ਬ੍ਰਿਟੇਨ ਯਾਤਰਾ ਦੌਰਾਨ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ) ਦੀ ਨਿਖੇਧੀ ਕਰਨ ਨੂੰ ਲੈ ਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸੰਘ ਨੂੰ ਸਮਝਣ ਲਈ ਉਨ੍ਹਾਂ ਦੇ ਸ਼ਿਵਰ ‘ਚ ਜਾਣਾ ਚਾਹੀਦਾ ਹੈ। ਦੂਰਦਰਸ਼ਨ ਨਾਲ ਇੰਟਰਵੀਊ ਦੌਰਾਨ ਸੂਚਨਾ ਤੇ ਪ੍ਰਸਾਰਣ ਮੰਤਰੀ ਠਾਕੁਰ ਨੇ ਗਾਂਧੀ ‘ਤੇ ਵਿਦੇਸ਼ੀ ਜ਼ਮੀਨ ‘ਤੇ ਭਾਰਤ ਨੂੰ ਬਦਨਾਮ ਕਰਨ ਦਾ ਵੀ ਦੋਸ਼ ਲਗਾਇਆ। 

ਲੰਡਨ ਵਿਚ ਇਕ ਪ੍ਰੋਗਰਾਮ ਵਿਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਭਾਰਤੀ ਲੋਕਤੰਤਰ ਢਾਂਚਿਆਂ ‘ਤੇ ਹਮਲੇ ਹੋ ਰਹੇ ਹਨ। ਰਾਹੁਲ ਗਾਂਧੀ ਨੇ ਇਸ ਗੱਲ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਮਰੀਕਾ ਤੇ ਯੂਰੋਪ ਸਮੇਤ ਦੁਨੀਆ ਦੇ ਲੋਕਤੰਤਰਕ ਦੇਸ਼ ਇਸ ਗੱਲ ਵੱਲ ਧਿਆਨ ਨਹੀਂ ਦੇ ਸਕੇ। ਉਨ੍ਹਾਂ ਨੇ ਆਰ.ਐੱਸ.ਐੱਸ. ਨੂੰ ਕੱਟੜਪੰਤੀ, ਫਾਸ਼ੀਵਾਦੀ ਸੰਗਠਨ ਕਰਾਰ ਦਿੰਦਿਆਂ ਕਿਹਾ ਕਿ ਉਸ ਨੇ ਭਾਰਤ ਦੇ ਸੰਗਠਨਾਂ ‘ਤੇ ਕਬਜ਼ਾ ਕਰ ਲਿਆ ਹੈ। 

ਆਰ.ਐੱਸ.ਐੱਸ. ਤੇ ਭਾਜਪਾ ਬਾਰੇ ਗਾਂਧੀ ਦੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ‘ਤੇ ਠਾਕੁਰ ਨੇ ਕਿਹਾ ਕਿ ਆਰ.ਐੱਸ.ਐੱਸ. ਇ ਸਵੈ ਸੇਵੀ ਸੰਗਠਨ ਹੈ ਜੋ ਕੌਮੀ ਏਕਤਾ ਤੇ ਅਖੰਡਤਾ ਲਈ ਹਰ ਖੇਤਰ ਵਿਚ ਕੰਮ ਕਰਦਾ ਹੈ। ਆਰ.ਐੱਸ.ਐੱਸ. ਨੇ ਦੇਸ਼ ਪ੍ਰਤੀ ਵੱਡਮੁੱਲਾ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਦੀ ਨੂੰ ਆਰ.ਐੱਸ.ਐੱਸ. ਦੇ ਸ਼ਿਵਰਾਂ ‘ਚ ਜਾਣਾ ਚਾਹੀਦਾ ਹੈ, ਉਹ ਕਾਫ਼ੀ ਕੁੱਝ ਸਿਖਣਗੇ।” ਭਾਜਪਾ ਆਗੂ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਰ.ਐੱਸ.ਐੱਸ. ਤੋਂ ਹਨ, ਉਨ੍ਹਾਂ ਦਾ ਸਮਰਪਣ ਵੇਖੋ, 2001 ਤੋਂ ਉਨ੍ਹਾਂ ਨੇ ਇਕ ਦਿਨ ਵੀ ਛੁੱਟੀ ਨਹੀਂ ਲਈ।

ਜਾਂਚ ਏਜੰਸੀਆਂ ਦੀ ਵਿਰੋਧੀ ਧਿਰ ਦੇ ਆਗੂਆਂ ਖ਼ਿਲਾਫ਼ ਦੁਰਵਰਤੋਂ ਕੀਤੇ ਜਾਣ ਦੇ ਦੋਸ਼ ‘ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਵੋਟ ਇਸ ਲਈ ਪਾਈ ਹੈ ਤਾਂ ਜੋ ਅਸੀਂ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਈਏ। ਜੇਕਰ ਉਨ੍ਹਾਂ ਨੇ ਕੋਈ ਭ੍ਰਿਸ਼ਟਾਚਾਰ ਕੀਤਾ ਹੀ ਨਹੀਂ ਹੈ ਤੇ ਉਹ ਡਰੇ ਹੋਏ ਕਿਉਂ ਹਨ? ਠਾਕੁਰ ਨੇ ਅੱਗੇ ਕਿਹਾ ਕਿ, “ਉਹ (ਰਾਹੁਲ ਗਾਂਧੀ) ਕਹਿੰਦੇ ਹਨ ਕਿ ਲੋਕਤੰਤਰ ਖ਼ਤਰੇ ‘ਚ ਹੈ। ਤਿੰਨ ਸੂਬਿਆਂ ਵਿਚ ਚੋਣਾਂ ਹੋਈਆਂ, ਕਾਂਗਰਸ ਕਿੱਥੇ ਸੀ? ਸੱਚਾਈ ਇਹ ਹੈ ਕਿ ਕਾਂਗਰਸ ਖ਼ਤਰੇ ‘ਚ ਹੈ।”  

Add a Comment

Your email address will not be published. Required fields are marked *