ਕਸ਼ਮੀਰ ‘ਚ ਆਪਣੇ ਨਾਗਰਿਕ ਦੀ ਮੌਤ ‘ਤੇ ਪਾਕਿਸਤਾਨ ਨੇ ਭਾਰਤ ਸਾਹਮਣੇ ਜਤਾਇਆ ਵਿਰੋਧ

ਇਸਲਾਮਾਬਾਦ – ਕਸ਼ਮੀਰ ‘ਚ ਇਕ ਪਾਕਿਸਤਾਨੀ ਕੈਦੀ ਦੀ ਮੌਤ ‘ਤੇ ਸਖ਼ਤ ਵਿਰੋਧ ਦਰਜ ਕਰਵਾਉਣ ਲਈ ਪਾਕਿਸਤਾਨ ਨੇ ਇੱਥੇ ਭਾਰਤੀ ਦੂਤਘਰ ਦੇ ਇੰਚਾਰਜ (ਚਾਰਜ ਦਿ ਅਫ਼ੇਅਰਜ਼) ਨੂੰ ਤਲਬ ਕੀਤਾ ਹੈ। ਪਾਕਿਸਤਾਨ ਨੇ ਆਪਣੇ ਨਾਗਰਿਕ ਦੀ ਮੌਤ ਨੂੰ ‘ਫਰਜ਼ੀ ਮੁਕਾਬਲਾ’ ਕਰਾਰ ਦਿੱਤਾ ਹੈ।

ਪਾਕਿਸਤਾਨੀ ਵਿਦੇਸ਼ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਭਾਰਤੀ ਦੂਤਘਰ ਦੇ ਇੰਚਾਰਜ ਨੂੰ ਸ਼ੁੱਕਰਵਾਰ ਨੂੰ ਵਿਦੇਸ਼ ਮਾਮਲਿਆਂ ਦੇ ਮੰਤਰਾਲਾ ਵਿੱਚ ਬੁਲਾਇਆ ਗਿਆ ਲੀ। ਬਿਆਨ ਮੁਤਾਬਕ ਭਾਰਤੀ ਸੁਰੱਖਿਆ ਬਲਾਂ ਵੱਲੋਂ ‘ਫ਼ਰਜ਼ੀ ਮੁਕਾਬਲੇ’ ਵਿੱਚ ਪਾਕਿਸਤਾਨੀ ਕੈਦੀ ਮੁਹੰਮਦ ਅਲੀ ਹੁਸੈਨ ਦੇ ਮਾਰੇ ਜਾਣ ਖ਼ਿਲਾਫ਼ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ। ਹੁਸੈਨ 2006 ਤੋਂ ਹੀ ਕਸ਼ਮੀਰ ਦੀ ਕੋਟ ਭਲਵਾਲ ਜੇਲ੍ਹ ਵਿੱਚ ਕੈਦ ਸੀ। ਵਿਦੇਸ਼ ਵਿਭਾਗ ਦੇ ਅਨੁਸਾਰ, ‘ਅਸਲੀਅਤ ਇਹ ਹੈ ਕਿ ਹੁਸੈਨ ਦੀ ਮੌਤ ਹੋਰ ਕੁੱਝ ਨਹੀਂ, ਸਗੋਂ ਸੋਚ-ਸਮਝ ਕੇ ਕੀਤਾ ਗਿਆ ਕਤਲ ਹੈ।’ 

ਵਿਦੇਸ਼ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਭਾਰਤ ਦੀ ਹਿਰਾਸਤ ਵਿੱਚ ਹੋਰ ਪਾਕਿਸਤਾਨੀ ਕੈਦੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਲੈ ਕੇ ਚਿੰਤਾ ਵਧ ਗਈ ਹੈ। ਪਾਕਿਸਤਾਨ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਤੁਰੰਤ ਉਕਤ ਘਟਨਾ ਦਾ ਪੂਰਾ ਵੇਰਵਾ, ਮੌਤ ਦੇ ਕਾਰਨਾਂ ਦੀ ਸਹੀ ਪੋਸਟਮਾਰਟਮ ਰਿਪੋਰਟ ਉਸ ਨੂੰ ਉਪਲੱਬਧ ਕਰਾਏ ਅਤੇ ਪਾਕਿਸਤਾਨੀ ਕੈਦੀ ਦੇ ਕਤਲ ਲਈ ਜ਼ਿੰਮੇਵਾਰ ਵਿਅਕਤੀ ਦੀ ਜਵਾਬਦੇਹੀ ਤੈਅ ਕਰਨ ਲਈ ਪਾਰਦਰਸ਼ੀ ਜਾਂਚ ਕਰਵਾਏ। ਵਿਦੇਸ਼ ਵਿਭਾਗ ਨੇ ਕਿਹਾ, “ਭਾਰਤ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮ੍ਰਿਤਕ ਦੇਹ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੀ ਇੱਛਾ ਮੁਤਾਬਕ ਤੁਰੰਤ ਪਾਕਿਸਤਾਨ ਭੇਜਣ ਦਾ ਪ੍ਰਬੰਧ ਕਰੇ।”

Add a Comment

Your email address will not be published. Required fields are marked *