ਸਲਮਾਨ ਰਸ਼ਦੀ ’ਤੇ ਹਮਲਾ ਅਣਉਚਿਤ ਸੀ : ਇਮਰਾਨ ਖ਼ਾਨ

ਇਸਲਾਮਾਬਾਦ –ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲੇਖਕ ਸਲਮਾਨ ਰਸ਼ਦੀ ਦੇ ਕਤਲ ਦੀ ਕੋਸ਼ਿਸ਼ ਨੂੰ ‘ਭਿਆਨਕ ਅਤੇ ਦੁੱਖਦਾਈ’ ਕਰਾਰ ਦਿੱਤਾ ਹੈ। ਮੀਡੀਆ ’ਚ ਸ਼ੁੱਕਰਵਾਰ ਨੂੰ ਆਈ ਇਕ ਖ਼ਬਰ ਮੁਤਾਬਕ ਇਮਰਾਨ ਨੇ ਕਿਹਾ ਕਿ ਰਸ਼ਦੀ ਦੇ ਵਿਵਾਦਿਤ ਨਾਵਲ ‘ਦਿ ਸੈਟੇਨਿਕ ਵਰਸਿਜ਼’ ਨੂੰ ਲੈ ਕੇ ਇਸਲਾਮਿਕ ਜਗਤ ’ਚ ਨਾਰਾਜ਼ਗੀ ਸਮਝ ’ਚ ਆਉਂਦੀ ਹੈ ਪਰ ਉਨ੍ਹਾਂ ’ਤੇ ਹਮਲਾ ਅਣਉਚਿਤ ਸੀ। ਰਸ਼ਦੀ (75) ’ਤੇ ਨਿਊਜਰਸੀ ਨਿਵਾਸੀ ਹਾਦੀ ਮਤਾਰ (24) ਨੇ ਪਿਛਲੇ ਹਫ਼ਤੇ ਮੰਚ ’ਤੇ ਉਸ ਸਮੇਂ ਚਾਕੂ ਨਾਲ ਹਮਲਾ ਕਰ ਦਿੱਤਾ ਸੀ, ਜਦੋਂ ਪੱਛਮੀ ਨਿਊਯਾਰਕ ’ਚ ਚੌਟਾਉਕਵਾ ਇੰਸਟੀਚਿਊੁਸ਼ਨ ਦੇ ਇਕ ਸਾਹਿਤਕ ਪ੍ਰੋਗਰਾਮ ’ਚ ਲੇਖਕ ਦੀ ਜਾਣ ਪਛਾਣ ਕਰਵਾਈ ਜਾ ਰਹੀ ਸੀ। ਹਾਦੀ ਲੈਬਨਾਨੀ ਮੂਲ ਦਾ ਅਮਰੀਕੀ ਨਾਗਰਿਕ ਹੈ। ਚੌਟਾਉਕਵਾ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਜੇਸਨ ਸਕਮਿਦ ਨੇ ਹਮਲਾਵਰ ਦੀ ਪੇਸ਼ੀ ਦੌਰਾਨ ਕਿਹਾ ਸੀ ਕਿ ਰਸ਼ਦੀ ਦੀ ਧੌਣ ’ਤੇ ਤਿੰਨ ਵਾਰ, ਢਿੱਡ ’ਚ ਚਾਰ ਅਤੇ ਉਸਦੇ ਸੱਜੇ ਪੱਟ ’ਚ ਇਕ ਵਾਰ ਚਾਕੂ ਮਾਰਿਆ ਗਿਆ ਸੀ, ਜਦਕਿ ਉਸ ਦੀ ਸੱਜੀ ਅੱਖ ਅਤੇ ਛਾਤੀ ’ਚ ਵੀ ਚਾਕੂ ਮਾਰਿਆ ਗਿਆ ਸੀ।

‘ਦਿ ਗਾਰਡੀਅਨ’ ਅਖ਼ਬਾਰ ਨੂੰ ਦਿੱਤੇ ਇੰਟਰਵਿਊ ’ਚ ਰਸ਼ਦੀ ’ਤੇ ਹੋਏ ਹਮਲੇ ਬਾਰੇ ਪੁੱਛਣ ’ਤੇ ਇਮਰਾਨ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਭਿਆਨਕ, ਦੁਖਦਾਈ ਹੈ।’’ ਉਨ੍ਹਾਂ ਕਿਹਾ, ‘‘ਉਹ ਸਾਡੇ ਦਿਲਾਂ ’ਚ ਪੈਗੰਬਰ ਮੁਹੰਮਦ ਲਈ ਮੌਜੂਦ ਪਿਆਰ, ਸਨਮਾਨ ਅਤੇ ਸਤਿਕਾਰ ਤੋਂ ਜਾਣੂ ਹਨ। ਉਹ ਇਸ ਬਾਰੇ ਜਾਣਦੇ ਹਨ।’’ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ‘‘ਇਸ ਲਈ ਮੈਂ ਉਨ੍ਹਾਂ ਨੂੰ ਲੈ ਕੇ ਨਾਰਾਜ਼ਗੀ ਨੂੰ ਸਮਝ ਸਕਦਾ ਹਾਂ ਪਰ ਜੋ ਕੁਝ ਵੀ ਹੋਇਆ, ਉਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।’’ ਸਾਲ 2012 ’ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ.) ਦੇ ਮੁਖੀ ਇਮਰਾਨ ਨੇ ਨਵੀਂ ਦਿੱਲੀ ’ਚ ਆਯੋਜਿਤ ਇਕ ਮੀਡੀਆ ਸੰਮੇਲਨ ’ਚ ਸ਼ਾਮਲ ਹੋਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਸੀ ਕਿਉਂਕਿ ਰਸ਼ਦੀ ਇਸ ’ਚ ਸ਼ਾਮਲ ਹੋ ਰਹੇ ਸਨ। ਇਮਰਾਨ ਨੇ ਸੰਮੇਲਨ ’ਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣ ਦੀ ਯੋਜਨਾ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਸੀ ਕਿ ਉਹ ਇਕ ਅਜਿਹੇ ਸਮਾਗਮ ’ਚ ਸ਼ਾਮਲ ਹੋਣ ਬਾਰੇ ਸੋਚ ਵੀ ਨਹੀਂ ਸਕਦੇ, ਜਿਸ ’ਚ ‘ਦੁਨੀਆ ਭਰ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ’ ਰਸ਼ਦੀ ਸ਼ਿਰਕਤ ਕਰ ਰਹੇ ਹੋਣ। 1988 ’ਚ ਪ੍ਰਕਾਸ਼ਿਤ ਰਸ਼ਦੀ ਦੇ ਚੌਥੇ ਨਾਵਲ ‘ਦਿ ਸੈਟੇਨਿਕ ਵਰਸਿਜ਼’ ਨੇ ਲੇਖਕ ਨੂੰ 9 ਸਾਲ ਲੁਕ-ਛਿਪ ਕੇ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਕੀਤਾ ਸੀ।

Add a Comment

Your email address will not be published. Required fields are marked *