ਬੇਕਾਬੂ ਕਾਰ ਦੀ ਭਿਆਨਕ ਟੱਕਰ ਕਾਰਨ ਔਰਤ ਦੀ ਮੌਤ, ਪਤੀ ਤੇ ਬੱਚੇ ਜ਼ਖ਼ਮੀ

ਜਲੰਧਰ –ਬੀਤੀ ਦੇਰ ਰਾਤ ਸੋਢਲ ਤੋਂ ਦੁਆਬਾ ਚੌਕ ਵੱਲ ਆਉਂਦੇ ਸਮੇਂ ਪ੍ਰੀਤ ਨਗਰ ਦੇ ਬਾਹਰ ਵਾਪਰੇ ਹਾਦਸੇ ’ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਟੱਕਰ ਮਾਰਨ ਵਾਲੇ ਕ੍ਰੇਟਾ ਕਾਰ ਸਵਾਰ ਸੂਰਜ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ । ਇਸ ਹਾਦਸੇ ’ਚ ਮ੍ਰਿਤਕ ਔਰਤ ਦੇ ਪਤੀ ਤੇ ਬੱਚਿਆਂ ਦੇ ਵੀ ਸੱਟਾਂ ਲੱਗੀਆਂ, ਜਦਕਿ ਪਾਲਤੂ ਕੁੱਤੇ ਦੀ ਵੀ ਮੌਤ ਹੋ ਗਈ। ਲੋਕਾਂ ਮੁਤਾਬਕ ਸੋਢਲ ਇਲਾਕੇ ’ਚ ਕੁਝ ਵਾਹਨਾਂ ਨਾਲ ਟਕਰਾ ਕੇ ਆਈ ਬੇਕਾਬੂ ਕ੍ਰੇਟਾ ਕਾਰ ਨੇ ਪਹਿਲਾਂ ਐਕਟਿਵਾ ਨੂੰ ਟੱਕਰ ਮਾਰੀ ਤੇ ਬਾਅਦ ’ਚ ਸਕੂਟਰ ਸਵਾਰ ਪਤੀ-ਪਤਨੀ ਨੂੰ ਕੁਚਲ ਦਿੱਤਾ। ਇਸ ਤੋਂ ਬਾਅਦ ਵੀ ਕਾਰ ਕਾਬੂ ’ਚ ਨਹੀਂ ਆਈ ਤੇ ਸੜਕ ਕਿਨਾਰੇ ਖੜ੍ਹੀ ਸਵਿਫਟ ਨਾਲ ਟਕਰਾ ਗਈ। ਇਸ ਹਾਦਸੇ ’ਚ ਸਕੂਟਰ ਸਵਾਰ ਔਰਤ ਦੀ ਮੌਤ ਹੋ ਗਈ ਤੇ ਉਸ ਦੀ 5 ਸਾਲਾ ਬੱਚੀ, ਉਸ ਦਾ ਪਤੀ ਤੇ ਦੋ ਹੋਰ ਬੱਚੇ ਵੀ ਜ਼ਖ਼ਮੀ ਹੋ ਗਏ।

ਮੌਕੇ ’ਤੇ ਪਹੁੰਚੇ ਥਾਣਾ 8 ਦੇ ਐੱਸ. ਐੱਚ. ਓ. ਸੰਜੀਵ ਕੁਮਾਰ ਖੂਨ ਨਾਲ ਲੱਥਪੱਥ ਜ਼ਖ਼ਮੀ ਔਰਤ ਨੂੰ ਸਰਕਾਰੀ ਗੱਡੀ ’ਚ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੰਜੀਵ ਕੁਮਾਰ ਨੇ ਦੱਸਿਆ ਕਿ ਐਤਵਾਰ ਰਾਤ ਤਕਰੀਬਨ 9.30 ਵਜੇ ਪ੍ਰੀਤ ਨਗਰ ਦੇ ਬਾਹਰ ਸੋਢਲ ਵੱਲੋਂ ਕ੍ਰੇਟਾ ਗੱਡੀ ਆ ਰਹੀ ਸੀ ਤਾਂ ਇਸ ਨੇ ਪਹਿਲਾਂ ਐਕਟਿਵਾ ਸਵਾਰ 2 ਬੱਚਿਆਂ ਨੂੰ ਟੱਕਰ ਮਾਰ ਦਿੱਤੀ, ਜਿਸ ’ਚ ਗਗਨ ਵਾਸੀ ਸੋਢਲ ਨਗਰ ਤੇ ਉਸ ਦਾ ਸਾਥੀ ਵੀ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਕ੍ਰੇਟਾ ਗੱਡੀ ਦੇ ਏਅਰਬੈਗ ਖੁੱਲ੍ਹ ਗਏ। ਲੋਕਾਂ ਨੇ ਕਾਰ ਚਾਲਕ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਥਾਣਾ 8 ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਔਰਤ ਦੀ ਪਛਾਣ ਵੰਦਨਾ ਵਾਸੀ ਨਿਊ ਹਰਗੋਬਿੰਦ ਨਗਰ ਵਜੋਂ ਹੋਈ ਹੈ। ਪੁਲਸ ਦੇਰ ਰਾਤ ਕ੍ਰੇਟਾ ਡਰਾਈਵਰ ਤੋਂ ਪੁੱਛਗਿੱਛ ਕਰ ਰਹੀ ਸੀ।

ਸਵਿਫਟ ਨਾ ਹੁੰਦੀ ਤਾਂ ਕਈ ਲੋਕਾਂ ਨੂੰ ਕੁਚਲ ਦਿੰਦੀ ਕ੍ਰੇਟਾ

ਕ੍ਰੇਟਾ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਜਦੋਂ ਇਹ ਸੜਕ ਕਿਨਾਰੇ ਖੜ੍ਹੀ ਸਵਿਫਟ ਨਾਲ ਟਕਰਾ ਗਈ ਤਾਂ ਸਵਿਫਟ ਕਾਰ 10 ਫੁੱਟ ਅੱਗੇ ਖਿਸਕ ਗਈ। ਸਵਿਫ਼ਟ ਕਾਰ ਤੋਂ ਕੁਝ ਦੂਰੀ ’ਤੇ ਸਥਾਨਕ ਲੋਕ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਬਾਹਰ ਖੜ੍ਹੇ ਸਨ ਤੇ ਜੇਕਰ ਸਵਿਫ਼ਟ ਕਾਰ ਖੜ੍ਹੀ ਨਾ ਹੁੰਦੀ ਤਾਂ ਉਕਤ ਸਾਰੇ ਲੋਕ ਕ੍ਰੇਟਾ ਦੀ ਲਪੇਟ ’ਚ ਆ ਜਾਂਦੇ ਤੇ ਹਾਦਸਾ ਹੋਰ ਵੀ ਦਰਦਨਾਕ ਹੋਣਾ ਸੀ।

ਟੋਅ ਕਰ ਕੇ ਆਈ ਗੱਡੀ ਨੂੰ ਕੇ. ਡੀ. ਭੰਡਾਰੀ ਨੇ ਰੋਕਿਆ

ਹਾਦਸੇ ਤੋਂ ਬਾਅਦ ਮੌਕੇ ’ਤੇ ਪੁੱਜੇ ਭਾਜਪਾ ਆਗੂ ਕੇ. ਡੀ. ਭੰਡਾਰੀ ਨੇ ਦੇਰ ਰਾਤ ਨੁਕਸਾਨੇ ਵਾਹਨਾਂ ਨੂੰ ਟੋਅ ਕਰਨ ਤੋਂ ਰੋਕ ਦਿੱਤਾ। ਦੇਰ ਰਾਤ ਕੇ. ਡੀ. ਭੰਡਾਰੀ ਵੀ ਥਾਣਾ ਨੰ. 8 ਪੁੱਜੇ। ਭੰਡਾਰੀ ਨੇ ਦੱਸਿਆ ਕਿ ਸਵੇਰੇ ਸਾਰੀ ਜਾਂਚ ਤੋਂ ਬਾਅਦ ਕਾਰ ਨੂੰ ਹਟਾ ਦਿੱਤਾ ਜਾਵੇਗਾ।

Add a Comment

Your email address will not be published. Required fields are marked *