ਤ੍ਰਿਪੁਰਾ ਤੇ ਨਾਗਾਲੈਂਡ ‘ਚ ਖਿੜਿਆ ‘ਕਮਲ’, ਮੇਘਾਲਿਆ ‘ਚ ਕਿਸੇ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ
ਨਵੀਂ ਦਿੱਲੀ : ਅੱਜ ਤਿੰਨੋ ਉੱਤਰ-ਪੂਰਬੀ ਸੂਬਿਆਂ ਨਾਗਾਲੈਂਡ, ਤ੍ਰਿਪੁਰਾ ਤੇ ਮੇਘਾਲਿਆ ਵਿਚ ਚੋਣ ਨਤੀਜੇ ਐਲਾਨੇ ਗਏ। ਇਨ੍ਹਾਂ ‘ਚੋਂ ਦੋ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ ‘ਤੇ ਬਹੁਮਤ ਤੋਂ ਵੱਧ ਸੀਟਾਂ ਜਿੱਤ ਗਈ ਤਾਂ ਉੱਥੇ ਮੇਘਾਲਿਆ ਵਿਚ ਕੋਈ ਵੀ ਪਾਰਟੀ ਬਹੁਮਤ ਤਕ ਨਹੀਂ ਪਹੁੰਚ ਸਕੀ। ਮੇਘਾਲਿਆ ਵਿਚ ਸਿਆਸੀ ਜੋੜ-ਤੋੜ ਨਾਲ ਕਿਸ ਦੀ ਸਰਕਾਰ ਬਣਦੀ ਹੈ, ਇਹ ਆਉਣ ਵਾਲੇ ਕੁੱਝ ਦਿਨਾਂ ਵਿਚ ਸਾਫ਼ ਹੋ ਜਾਵੇਗਾ। ਤਿੰਨੋ ਸੂਬਿਆਂ ਵਿਚ 60-60 ਵਿਧਾਨਸਭਾ ਸੀਟਾਂ ਸਨ ਤੇ ਸਰਕਾਰ ਬਣਾਉਣ ਲਈ 30 ਤੋਂ ਵੱਧ ਸੀਟਾਂ ‘ਤੇ ਜਿੱਤਣਾ ਲਾਜ਼ਮੀ ਸੀ।
ਨਾਗਾਲੈਂਡ ‘ਚ ਭਾਰਤੀ ਜਨਤਾ ਪਾਰਟੀ ਅਤੇ ਐੱਨ.ਡੀ.ਪੀ.ਪੀ. ਗੱਠਜੋੜ ਨੇ 37 ਸੀਟਾਂ ‘ਤੇ ਝੰਡਾ ਗੱਡਿਆ ਹੈ। ਇਨ੍ਹਾਂ ਚੋਣਾਂ ਵਿਚ ਕਾਂਗਰਸ ਪਾਰਟੀ ਇੱਥੇ ਖਾਤਾ ਵੀ ਨਹੀਂ ਖੋਲ੍ਹ ਸਕੀ ਤੇ ਸਿਫ਼ਰ ‘ਤੇ ਸਿਮਟ ਕੇ ਰਹਿ ਗਈ। ਐੱਨ.ਪੀ.ਆਰ.ਐੱਫ. ਨੇ 2 ਅਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਨੇ 21 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਤ੍ਰਿਪੁਰਾ ਵਿਚ ਭਾਜਪਾ ਗੱਠਜੋੜ ਨੇ 33 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਇੱਥੇ ਕਾਂਗਰਸ ਤੇ ਖੱਬੇ ਪੱਖੀ ਧਿਰ ਦਾ ਗੱਠਜੋੜ ਵੀ ਸਫ਼ਲ ਨਹੀਂ ਹੋ ਸਕਿਆ ਤੇ 14 ਸੀਟਾਂ ‘ਤੇ ਸਿਮਟ ਗਏ। ਉੱਥੇ ਹੀ ਟਿਪਰਾ ਨੇ ਵੀ 13 ਸੀਟਾਂ ਜਿੱਤੀਆਂ ਹਨ।
ਮੇਘਾਲਿਆ ਵਿਚ ਐੱਨ.ਪੀ.ਪੀ. ਬਹੁਮਤ ਦੇ ਅੰਕੜੇ ਤੋਂ ਚਾਰ ਸੀਟਾਂ ਪਿੱਛੇ ਰਹਿ ਗਈ ਤੇ 26 ਸੀਟਾਂ ਜਿੱਤੀਆਂ। ਇੱਥੇ ਯੂ.ਡੀ.ਪੀ. ਨੇ 11, ਕਾਂਗਰਸ ਤੇ ਟੀਐੱਮਸੀ ਨੇ 5-5 ਤੇ ਭਾਜਪਾ ਨੇ 2 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ। 10 ਹੋਰਨਾਂ ਪਾਰਟੀਆਂ ਦੇ ਉਮੀਦਵਾਰ ਵੀ ਚੋਣ ਮੈਦਾਨ ਵਿਚ ਜੇਤੂ ਰਹੇ ਹਨ।

