‘ਆਪ’ ਨੇ ਭ੍ਰਿਸ਼ਟਾਚਾਰ ’ਚ ਕਾਂਗਰਸ ਨੂੰ ਵੀ ਪਿਛਾਂਹ ਧੱਕਿਆ: ਨੱਢਾ

ਨਵੀਂ ਦਿੱਲੀ, 16 ਅਕਤੂਬਰ

ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਦੋਸ਼ ਲਾਇਆ ਕਿ ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਘੁਟਾਲਿਆਂ ਦੀ ਸਮਾਨਾਰਥੀ ਬਣ ਗਈ ਹੈ ਅਤੇ ਇਸ ਨੇ ਕਾਂਗਰਸ ਵੱਲੋਂ ਬਣਾਏ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਿੱਲੀ ਨਗਰ ਨਿਗਮ (ਐੱਮਸੀਡੀ) ਚੋਣਾਂ ਅਤੇ ਬਾਅਦ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੂੰ ਬੁਰੀ ਤਰ੍ਹਾਂ ਹਰਾਏਗੀ।

ਐੱਮਸੀਡੀ ਚੋਣਾਂ ਦੇ ਮੱਦੇਨਜ਼ਰ ਇੱਥੇ ਰਾਮਲੀਲਾ ਮੈਦਾਨ ਵਿੱਚ ਹੋਏ ‘ਪੰਚ ਪਰਮੇਸ਼ਵਰ ਸੰਮੇਲਨ’ ਵਿੱਚ ਨੱਢਾ ਨੇ ਕਿਹਾ, ‘‘ਆਮ ਆਦਮੀ ਪਾਰਟੀ ਘੁਟਾਲਿਆਂ ਦੀ ਪਾਰਟੀ ਬਣ ਗਈ ਹੈ। ਇਸ ਨੇ ਕਾਂਗਰਸ ਵੱਲੋਂ ਬਣਾਏ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਨੂੰ ਸੱਤਾ ਤੋਂ ਬਾਹਰ ਕਰਨ ਦੀ ਲੋੜ ਹੈ।” ਉਨ੍ਹਾਂ ਕਿਹਾ, ‘‘ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੇ ਦਿੱਲੀ ਵਿੱਚ ਸਾਫ਼-ਸੁਥਰੀ ਸਰਕਾਰ ਦਾ ਵਾਅਦਾ ਕੀਤਾ ਸੀ ਪਰ ਇਸ ਨੇ ਆਬਕਾਰੀ ਵਿਭਾਗ, ਡੀਟੀਸੀ ਬੱਸਾਂ ਦੀ ਖਰੀਦ, ਪਖਾਨੇ ਬਣਾਉਣ ਅਤੇ ਦਿੱਲੀ ਜਲ ਬੋਰਡ ਵਿੱਚ ਘੁਟਾਲੇ ਕੀਤੇ। ਇਨ੍ਹਾਂ ਦੇ ਪੰਜ ਵਿਧਾਇਕ ਜ਼ਮਾਨਤ ’ਤੇ ਬਾਹਰ ਹਨ।’’ ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੇਜਰੀਵਾਲ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਵਿਰੁੱਧ ਸਨ ਅਤੇ ਸੱਤਾ ਵਿੱਚ ਆਉਂਦੇ ਹੀ ਉਨ੍ਹਾਂ ਨੇ ਇਲਾਕੇ ਵਿੱਚ ਸ਼ਰਾਬ ਪਹੁੰਚਾਉਣ ਦਾ ਕੰਮ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੇ 745 ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ ਹਨ, ਜਦੋਂਕਿ 70 ਫੀਸਦੀ ਸਕੂਲਾਂ ਵਿੱਚ ਸਾਇੰਸ ਅਤੇ ਕਾਮਰਸ ਵਿਸ਼ੇ ਨਹੀਂ ਪੜ੍ਹਾਏ ਜਾਂਦੇ। ਭਾਜਪਾ ਪ੍ਰਧਾਨ ਨੇ ਕਿਹਾ, ‘‘ਸਾਨੂੰ ਸਮਝ ਨਹੀਂ ਆ ਰਿਹਾ ਕਿ ਤੁਸੀਂ ਗਰੀਬ ਬੱਚਿਆਂ ਨੂੰ ਡਾਕਟਰ ਕਿਵੇਂ ਬਣਾਓਗੇ। ਕੇਜਰੀਵਾਲ ਜੀ, ਝੂਠ ਫੈਲਾਉਣਾ ਅਤੇ ਲੋਕਾਂ ਸਾਹਮਣੇ ਝੂਠੇ ਅੰਕੜੇ ਰੱਖਣਾ ਤੁਹਾਡਾ ਸੁਭਾਅ ਬਣ ਗਿਆ ਹੈ।’’ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਈ ਯੋਜਨਾਵਾਂ ਚਲਾ ਕੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਗਰੀਬ ਲੋਕਾਂ ਨੂੰ ਮੋਦੀ ਸਰਕਾਰ ਦੀ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਨਹੀਂ ਲੈਣ ਦਿੱਤਾ। ਉਨ੍ਹਾਂ ਨੇ ਭਾਜਪਾ ਵਰਕਰਾਂ ਨੂੰ ਕਿਹਾ, ‘‘ਭਾਜਪਾ ਐਮਸੀਡੀ ਚੋਣਾਂ ਅਤੇ ਫਿਰ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੂੰ ਬੁਰੀ ਤਰ੍ਹਾਂ ਹਰਾਏਗੀ। ‘ਆਪ’ ਦੇ ਭ੍ਰਿਸ਼ਟਾਚਾਰ ਬਾਰੇ ਦਿੱਲੀ ਦੇ ਲੋਕਾਂ ਨੂੰ ਦੱਸੋ।’’

ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ‘ਵਿਜੈ ਸੰਕਲਪ’ ਦੇ ਰੂਪ ਵਿੱਚ ਜੋ ਸੰਖ ਵਜਾਇਆ ਹੈ, ਉਸ ਦੀ ਆਵਾਜ਼ ਇੱਥੇ ਮੌਜੂਦ ਇੱਕ ਲੱਖ ਤੋਂ ਵੱਧ ਵਰਕਰਾਂ ਰਾਹੀਂ ਦਿੱਲੀ ਦੇ ਦੋ ਕਰੋੜ ਲੋਕਾਂ ਤੱਕ ਪਹੁੰਚੇਗੀ। ਇਸ ਦੌਰਾਨ ਭਾਜਪਾ ਆਗੂਆਂ ਵੱਲੋਂ ਨੱਢਾ ਦਾ ਸਨਮਾਨ ਵੀ ਕੀਤਾ ਗਿਆ।

Add a Comment

Your email address will not be published. Required fields are marked *