ਦੀਵਾਲੀ ਦੇ ਮੱਦੇਨਜ਼ਰ ਕਪੂਰਥਲਾ ਜ਼ਿਲ੍ਹਾ ਪੁਲਸ ਅਲਰਟ

ਕਪੂਰਥਲਾ -ਐੱਸ. ਐੱਸ. ਪੀ. ਵਤਸਲਾ ਗੁਪਤਾ ਦੀਆਂ ਹਦਾਇਤਾਂ ’ਤੇ ਪੁਲਸ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹੇ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਇਲਾਕੇ ’ਚ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲਸ ਪੂਰੀ ਤਰ੍ਹਾਂ ਚੌਕਸ ਹੈ। ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਅਮਨਦੀਪ ਨਾਹਰ ਵੱਲੋਂ ਖ਼ੁਦ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਐੱਸ. ਐੱਚ. ਓ. ਨਾਹਰ ਨੇ ਦੱਸਿਆ ਕਿ ਐੱਸ. ਐੱਸ. ਪੀ. ਵਤਸਲਾ ਗੁਪਤਾ ਦੀਆਂ ਹਦਾਇਤਾਂ ’ਤੇ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੀਆਂ ਵੱਖ-ਵੱਖ 15 ਥਾਵਾਂ ’ਤੇ ਨਾਕੇ ਲਗਾਏ ਗਏ ਹਨ। ਭੀੜ-ਭੜੱਕੇ ਵਾਲੀਆਂ ਥਾਵਾਂ, ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ’ਤੇ ਅਮਨ-ਕਾਨੂੰਨ ਤੇ ਆਵਾਜਾਈ ਨੂੰ ਬਣਾਈ ਰੱਖਣ ਲਈ ਪੁਲਸ ਤਾਇਨਾਤ ਹੈ।

ਇਸ ਦੇ ਨਾਲ ਹੀ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਟ੍ਰੈਫਿਕ ਤੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਇਲਾਕੇ ’ਚ ਪੁਲਸ ਟੀਮਾਂ ਨਿਯੁਕਤ ਕੀਤੀਆਂ ਗਈਆਂ ਤੇ ਟ੍ਰੈਫਿਕ ਪੁਲਸ, ਪੀ. ਸੀ. ਆਰ., ਥਾਣਾ ਸਿਟੀ ਪੁਲਸ ਨੇ ਖੁਦ ਕਾਰਵਾਈ ਕਰਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਜਿੱਥੇ ਟ੍ਰੈਫਿਕ ਦੀ ਸਮੱਸਿਆ ਪੈਦਾ ਹੋਈ, ਉੱਥੇ ਹੀ ਟ੍ਰੈਫਿਕ ਨੂੰ ਸੁਚਾਰੂ ਬਣਾਇਆ ਤੇ ਕਈ ਥਾਵਾਂ ’ਤੇ ਟ੍ਰੈਫਿਕ ਦੀ ਸਥਿਤੀ ਨੂੰ ਦੇਖਦੇ ਹੋਏ ਰਸਤਾ ਇਕ ਤਰਫ਼ਾ ਕਰਨਾ ਪਿਆ, ਜਿਸ ਕਾਰਨ ਲੋਕਾਂ ਨੂੰ ਮੁੜ ਕੇ ਆਪਣੀ ਮੰਜ਼ਿਲ ਵੱਲ ਜਾਣਾ ਪਿਆ।

ਸ਼ਹਿਰ ਦੇ ਚਾਰ ਐਂਟਰੀ ਪੁਆਇੰਟਾਂ ’ਤੇ ਤਾਇਨਾਤ ਪੁਲਸ ਨੇ ਹਰੇਕ ਵਿਅਕਤੀ ਨੂੰ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਹੀ ਅੱਗੇ ਜਾਣ ਦਿੱਤਾ। ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਤੇ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਪੁਲਸ ਟੀਮਾਂ ਵੱਲੋਂ ਇਲਾਕੇ ਦੇ ਵੱਖ-ਵੱਖ ਬਾਜ਼ਾਰਾਂ ’ਚ ਪੈਦਲ ਗਸ਼ਤ ਕੀਤੀ ਗਈ। ਪੀ. ਸੀ. ਆਰ. ਇੰਚਾਰਜ ਤੇ ਟ੍ਰੈਫਿਕ ਇੰਚਾਰਜ ਦਰਸ਼ਨ ਸਿੰਘ ਨੇ ਪੁਲਸ ਟੀਮਾਂ ਸਮੇਤ ਸ਼ਹਿਰ ਦੇ ਮੁੱਖ ਟੀ-ਪੁਆਇੰਟ ਜਲੰਧਰ ਰੋਡ, ਕਾਂਜਲੀ ਰੋਡ, ਕਰਤਾਰਪੁਰ ਰੋਡ, ਕਾਲਾ ਸੰਘਿਆਂ ਰੋਡ, ਸਬਜ਼ੀ ਮੰਡੀ ਚੌਕ ਆਦਿ ਇਲਾਕਿਆਂ ’ਚ ਨਾਕਾਬੰਦੀ ਕੀਤੀ ਅਤੇ ਆਉਣ-ਜਾਣ ਵਾਲੇ ਹਰ ਵਾਹਨ ਦੀ ਤਲਾਸ਼ੀ ਲਈ।

ਐੱਸ. ਐੱਸ. ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸਮੂਹ ਥਾਣਾ ਇੰਚਾਰਜ ਤੇ ਚੌਕੀ ਇੰਚਾਰਜ ਆਪੋ-ਆਪਣੇ ਖੇਤਰਾਂ ’ਚ ਪ੍ਰਭਾਵਸ਼ਾਲੀ ਗਸ਼ਤ ਕਰਕੇ ਅਮਨ-ਕਾਨੂੰਨ ਨੂੰ ਬਰਕਰਾਰ ਰੱਖ ਰਹੇ ਹਨ। ਸ਼ਹਿਰ ਦੇ ਹਰ ਮੁੱਖ ਚੌਰਾਹੇ ’ਤੇ ਪੁਲਸ ਦੀਆਂ ਟੀਮਾਂ ਤਾਇਨਾਤ ਹਨ, ਜੋ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਜੁਟੀਆਂ ਹੋਈਆਂ ਹਨ। ਅਸੀਂ ਸ਼ੱਕੀ ਅਤੇ ਸ਼ਰਾਰਤੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖਾਂਗੇ। ਜ਼ਿਲ੍ਹੇ ਵਿਚ ਅਮਨ-ਕਾਨੂੰਨ ਬਣਾਈ ਰੱਖਣ ’ਚ ਜ਼ਿਲ੍ਹਾ ਪੁਲਸ ਨੂੰ ਸਹਿਯੋਗ ਦਿੱਤਾ ਜਾਵੇ।

Add a Comment

Your email address will not be published. Required fields are marked *