ਪਠਾਨਕੋਟ ’ਚ ਨਾਕੇ ਦੌਰਾਨ ਕਾਰ ਸਵਾਰ ਵੱਲੋਂ ਥਾਣੇਦਾਰ ’ਤੇ ਹਮਲਾ

ਪਠਾਨਕੋਟ, 28 ਫਰਵਰੀ-: ਪਠਾਨਕੋਟ-ਜੰਮੂ ਨੈਸ਼ਨਲ ਹਾਈਵੇਅ ’ਤੇ ਨਾਕੇ ਦੌਰਾਨ ਅੱਜ ਇੱਕ ਇਨੋਵਾ ਕਾਰ ਚਾਲਕ ਨੇ ਥਾਣੇਦਾਰ ’ਤੇ ਰਾਡ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਨੇ ਫ਼ਰਾਰ ਹੋਣ ਦੇ ਚੱਕਰ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਵੀ ਜ਼ਖ਼ਮੀ ਕਰ ਦਿੱਤੇ। ਪੁਲੀਸ ਨੇ ਇਨੋਵਾ ਚਾਲਕ ਨੂੰ ਮੌਕੇ ’ਤੇ ਕਾਬੂ ਕਰ ਲਿਆ। ਇਸ ਦੇ ਨਾਲ ਹੀ ਉਸ ਦੇ ਕੋਰੋਲਾ ਕਾਰ ਵਿੱਚ ਸਵਾਰ ਇੱਕ ਹੋਰ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਸੁਜਾਨਪੁਰ ਦੇ ਪੁਲ ਨੰਬਰ 5 ਨੇੜੇ ਵਾਪਰੀ ਹੈ। ਪੁਲੀਸ ਨੇ ਦੋਵਾਂ ਕੋਲੋਂ 300-300 ਗ੍ਰਾਮ ਹੈਰੋਇਨ ਤੇ 50 ਕਿਲੋ ਭੂਕੀ ਬਰਾਮਦ ਕੀਤੀ ਹੈ।

ਇਨੋਵਾ ਕਾਰ ਚਾਲਕ ਨੇ ਪਹਿਲਾਂ ਸੁਜਾਨਪੁਰ ਥਾਣੇ ਦੇ ਮੁਖੀ ਅਨਿਲ ਪਵਾਰ ’ਤੇ ਰਾਡ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਫਿਰ ਫ਼ਰਾਰ ਹੋਣ ਦੀ ਕੋਸ਼ਿਸ਼ ਵਿੱਚ ਹਾਈਵੇਅ ’ਤੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀਆਂ ਦੀ ਪਛਾਣ ਸ਼ੌਕਤ ਅਲੀ ਵਾਸੀ ਪਿੰਡ ਮਾਖਨਪੁਰ (ਨਰੋਟ ਜੈਮਲ ਸਿੰਘ) ਅਤੇ ਰਈਸ ਵਾਸੀ ਅਨੰਤਨਾਗ (ਕਸ਼ਮੀਰ) ਵਜੋਂ ਹੋਈ ਹੈ। ਦੋਵਾਂ ਨੂੰ ਪਠਾਨਕੋਟ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਡੀਐੱਸਪੀ ਰਾਜਿੰਦਰ ਮਿਨਹਾਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਤਰਨਜੀਤ ਸਿੰਘ ਅਤੇ ਕ੍ਰਿਸ਼ਨ ਲਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਵੇਂ ਕਪੂਰਥਲਾ ਦੇ ਰਹਿਣ ਵਾਲੇ ਹਨ। ਦੋਵਾਂ ਕੋਲੋਂ ਕੋਰੋਲਾ ਤੇ ਇਨੋਵਾ ਕਾਰਾਂ ਫੜੀਆਂ ਗਈਆਂ ਹਨ। ਇਨ੍ਹਾਂ ਕੋਲੋਂ 300-300 ਗ੍ਰਾਮ ਹੈਰੋਇਨ ਤੇ 50 ਕਿਲੋ ਭੁੱਕੀ ਵੀ ਬਰਾਮਦ ਕੀਤੀ ਗਈ ਹੈ। ਦੋਵਾਂ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

ਥਾਣਾ ਮੁਖੀ ਅਨਿਲ ਪਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਵਾਹਨ ਜੰਮੂ-ਕਸ਼ਮੀਰ ਤੋਂ ਨਸ਼ਾ ਲੈ ਕੇ ਪੰਜਾਬ ਅੰਦਰ ਦਾਖ਼ਲ ਹੋਣ ਦੀ ਫਿਰਾਕ ਵਿੱਚ ਹਨ। ਇਸ ਤੋਂ ਬਾਅਦ ਪੁਲੀਸ ਨੇ ਪੁਲ ਨੰਬਰ 5 ਕੋਲ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਚੈਕਿੰਗ ਲਈ ਇਨੋਵਾ ਕਾਰ ਨੂੰ ਰੋਕਿਆ ਤਾਂ ਵਾਹਨ ਚਾਲਕ ਨੇ ਥਾਣੇਦਾਰ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। 

Add a Comment

Your email address will not be published. Required fields are marked *