ਚੰਡੀਗੜ੍ਹ PGI ‘ਚ ਪਹਿਲੀ ਵਾਰ 47 ਸਾਲਾ ਦਿਲ ਦੇ ਮਰੀਜ ਦੀ ਕੀਤੀ ਗਈ ਰੋਬੋਟਿਕ ਸਰਜਰੀ 

ਚੰਡੀਗੜ੍ਹ : ਪੀ. ਜੀ. ਆਈ. ਐਡਵਾਂਸ ਕਾਰਡੀਅਕ ਸੈਂਟਰ ‘ਚ ਦੁਰਲੱਭ ਸਰਜਰੀ ਕਰ ਕੇ ਮਰੀਜ਼ ਦੀ ਜਾਨ ਬਚਾਈ ਗਈ ਹੈ। ਪੀ. ਜੀ. ਆਈ. ਕਾਰਡੀਅਕ ਸੈਂਟਰ ‘ਚ ਪਹਿਲੀ ਵਾਰ ਇਕ ਮਰੀਜ਼ ‘ਚ ਰੋਬੋਟਿਕ ਅਸਿਸਟਿਡ ਬਾਇਓਰੇਸੋਰੇਬਲ ਸਟੰਟ ਇੰਪਲਾਂਟ ਕੀਤਾ ਗਿਆ ਹੈ, ਜੋ ਨਾ ਸਿਰਫ ਪੀ. ਜੀ. ਆਈ. ਨੇ ਪਹਿਲੀ ਵਾਰ, ਸਗੋਂ ਦੁਨੀਆ ‘ਚ ਵੀ ਪਹਿਲੀ ਵਾਰ ਹੋਇਆ ਹੈ। ਇਹ ਕੇਸ ਪੀ. ਜੀ. ਆਈ. ਐਡਵਾਂਸ ਕਾਰਡੀਅਕ ਸੈਂਟਰ ਦੇ ਮੁਖੀ ਪ੍ਰੋ. ਯਸ਼ਪਾਲ ਸ਼ਰਮਾ ਦੀ ਨਿਗਰਾਨੀ ਹੇਠ ਹੋਇਆ। ਕੋਰੋਨਰੀ ਆਰਟਰੀ ਦੀ ਰੁਕਾਵਟ ਨਾਲ 47 ਸਾਲਾ ਪੁਰਸ਼ ਪੀ. ਜੀ. ਆਈ. ਆਇਆ ਸੀ। ਮੇਨ ਕੋਰੋਨਰੀ ਧਮਨੀਆਂ ‘ਚ 90 ਫ਼ੀਸਦੀ ਸਟੈਨੋਸਿਸ ਸੀ। ਕਾਰਡੀਆ ਕੈਥ ਲੈਬ ਦੀ ਕੋਰਿੰਡਸ ਰੋਬੋਟਿਕ ਆਰਮ ਨੇ ਇਕ ਮਰੀਜ਼ ‘ਚ ਬਾਇਓਸੋਰਬੇਬਲ ਸਟੰਟ ਸਫਲਤਾਪੂਰਵਕ ਲਾਇਆ ਹੈ। ਇਸ ਤਕਨੀਕ ਦੀ ਖ਼ਾਸ ਗੱਲ ਇਹ ਹੈ ਕਿ ਸਟੰਟ ਆਪਣਾ ਕੰਮ ਕਰਨ ਤੋਂ ਬਾਅਦ, ਮਤਲਬ ਧਮਨੀ ਦੀ ਬਲਾਕੇਜ ਨੂੰ ਖੋਲ੍ਹਣ ਤੋਂ ਬਾਅਦ ਸਰੀਰ ‘ਚ ਖ਼ੁਦ ਘੁਲ ਜਾਵੇਗਾ।
ਕੈਥ ਲੈਬ ’ਚ ਰੋਬੋਟ ਜ਼ਰੀਏ ਹੋਇਆ ਪ੍ਰੋਸੈੱਸ
ਪੀ. ਜੀ. ਆਈ. ਭਾਰਤ ‘ਚ ਕਾਰਡੀਓਲੋਜੀ ਵਿਭਾਗ ਦਾ ਐਡਵਾਂਸਡ ਕਾਰਡੀਅਕ ਸੈਂਟਰ ਭਾਰਤ ‘ਚ ਪਹਿਲਾ ਸੈਂਟਰ ਹੈ, ਜਿੱਥੇ ਰੋਬੋਟਿਕ ਅਸਿਸਟਿਡ ਪੀ. ਸੀ. ਆਈ. ਕੀਤੇ ਗਏ ਹਨ। ਰੋਬੋਟਿਕ ਸਿਖਲਾਈ ਦਾ ਪਹਿਲਾ ਪੜਾਅ ਪੂਰਾ ਹੋ ਚੁੱਕਾ ਹੈ ਅਤੇ ਜਲਦੀ ਹੀ ਉਦਘਾਟਨ ਕੀਤੇ ਜਾਣ ਦੀ ਉਮੀਦ ਹੈ। ਇਸ ਤਰ੍ਹਾਂ ਪੀ. ਜੀ. ਆਈ. ਕੈਥ ਲੈਬ ‘ਚ ਰੋਬੋਟ ਰਾਹੀਂ ਸਟੰਟ ਪ੍ਰੋਸੈਸ ਕੀਤਾ ਜਾਵੇਗਾ। ਰੋਬੋਟਿਕ ਰਾਹੀਂ ਇਸ ‘ਚ ਉੱਚ ਪੱਧਰੀ ਸਟੀਕਤਾ ਦਾ ਫ਼ਾਇਦਾ ਹੈ ਅਤੇ ਜ਼ੋਖਮ ਨੂੰ ਘੱਟ ਕਰਦਾ ਹੈ। ਭਾਰਤ ‘ਚ ਵਿਕਸਿਤ ਥਿਨਰ ਸਟਰਟਸ (100 ਮਾਈਕ੍ਰੋਨ) ਦੇ ਨਾਲ ਨਵੇਂ ਬਾਇਓਸੋਰਬੇਬਲ ਸਟਰਟਸ ਪੇਸ਼ ਕੀਤੇ ਗਏ। ਹੁਣ ਇਹ ਸਟੰਟ 2-3 ਸਾਲਾਂ ‘ਚ ਸਰੀਰ ‘ਚ ਘੁਲ ਜਾਂਦੇ ਹਨ, ਜਿਸ ਨਾਲ ਕੁਦਰਤੀ ਧਮਨੀ ਬਰਕਰਾਰ ਰਹਿੰਦੀ ਹੈ। ਪੁਰਾਣੇ ਸਮਿਆਂ ‘ਚ ਇਨ੍ਹਾਂ ਦਾ ਆਕਾਰ 50 ਮਾਈਕ੍ਰੋਨ ਸੀ।
ਇੰਝ ਵੱਧ ਜਾਂਦਾ ਹੈ ਹਾਰਟ ਅਟੈਕ ਦਾ ਖ਼ਤਰਾ
ਦਿਲ ਸਰੀਰ ਦਾ ਅਜਿਹਾ ਅੰਗ ਹੈ, ਜੋ ਬਿਨਾਂ ਰੁਕੇ ਲਗਾਤਾਰ ਕੰਮ ਕਰਦਾ ਰਹਿੰਦਾ ਹੈ। ਇਸ ਦੀਆਂ ਮਾਸਪੇਸ਼ੀਆਂ ਨੂੰ ਅਜਿਹੀ ਸਥਿਤੀ ‘ਚ ਖੂਨ ਦੀ ਲਗਾਤਾਰ ਲੋੜ ਹੁੰਦੀ ਹੈ, ਜਿਸ ਦਾ ਕੰਮ ਦਿਲ ਦੀ ਆਰਟਰੀ (ਧਮਨੀਆਂ) ਕਰਦੀਆਂ ਹਨ। ਕੋਰੋਨਰੀ ਆਰਟਰੀ ਬੀਮਾਰੀ ਇਕ ਅਜਿਹੀ ਬੀਮਾਰੀ ਹੈ, ਜਿਸ ‘ਚ ਦਿਲ ਦੀਆਂ ਧਮਨੀਆਂ ‘ਚ ਰੁਕਾਵਟ ਹੁੰਦੀ ਹੈ। ਇਸ ਤਰ੍ਹਾਂ ਦਿਲ ’ਚ ਖੂਨ ਦਾ ਪ੍ਰਵਾਹ ਠੀਕ ਨਹੀਂ ਹੁੰਦਾ। ਇਸ ਨਾਲ ਮਰੀਜ਼ ਨੂੰ ਛਾਤੀ ‘ਚ ਦਰਦ ਤੋਂ ਲੈ ਕੇ ਹਾਰਟ ਅਟੈਕ ਤੱਕ ਦਾ ਖ਼ਤਰਾ ਵੱਧ ਜਾਂਦਾ ਹੈ।
ਦੋ ਤਰ੍ਹਾਂ ਦੇ ਹੁੰਦੇ ਹਨ ਸਟੰਟ
ਕੋਰੋਨਰੀ ਸਟੰਟ ਇਕ ਟਿਊਬ ਵਰਗਾ ਯੰਤਰ ਹੁੰਦਾ ਹੈ, ਜੋ ਕਿਸੇ ਨਾੜੀ ‘ਚ ਰੁਕਾਵਟ ਹੋਣ ’ਤੇ ਰੱਖਿਆ ਜਾਂਦਾ ਹੈ, ਤਾਂ ਜੋ ਦਿਲ ਨੂੰ ਖੂਨ ਦੀ ਪੂਰੀ ਸਪਲਾਈ ਮਿਲ ਸਕੇ। ਸਰਜਰੀ ਰਾਹੀਂ ਸਟੰਟ ਨੂੰ ਧਮਨੀ ਦੇ ਉਸ ਹਿੱਸੇ ‘ਚ ਰੱਖਿਆ ਜਾਂਦਾ ਹੈ, ਜਿੱਥੇ ਕੈਲੇਸਟ੍ਰੋਲ ਜਮ੍ਹਾਂ ਹੋਣ ਕਾਰਨ ਖੂਨ ਦੀ ਸਪਲਾਈ ਨਹੀਂ ਹੁੰਦੀ ਅਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਰਹਿੰਦਾ ਹੈ। ਬੇਅਰ ਮੈਟਲ ਸਟੰਟ ਆਮ ਸਟੰਟ ਹੁੰਦੇ ਹਨ, ਜਦੋਂਕਿ ਖ਼ਾਸ ਕਿਸਮ ਦੇ ਡਰੱਗ ਐਲੂਟਿੰਗ ਸਟੰਟ ਵਿਚ ਦਵਾਈ ਸ਼ਾਮਲ ਹੁੰਦੀ ਹੈ, ਇਸ ਲਈ ਉਨ੍ਹਾਂ ਦੀ ਕੀਮਤ ਥੋੜ੍ਹੀ ਜ਼ਿਆਦਾ ਹੁੰਦੀ ਹੈ।

Add a Comment

Your email address will not be published. Required fields are marked *