ਨਸ਼ਿਆਂ ਨੇ ਖੋਹੇ ਮਾਪਿਆਂ ਦੇ ਹੀਰਿਆਂ ਵਰਗੇ ਪੁੱਤ, ਨਸ਼ੇ ਦੀ ਦਲਦਲ ‘ਚ ਫਸਦਾ ਜਾ ਰਿਹੈ ਪੰਜਾਬ

ਸੁਲਤਾਨਪੁਰ ਲੋਧੀ -‘ਰਿਸ਼ਟ-ਪੁਸ਼ਟ ਸਰੀਰ, ਖਾਣ-ਪੀਣ ਦੇ ਸ਼ੌਕੀ, ਸੂਰਜਮੁਖੀ ਜਿਹੇ ਸ਼ੌਕੀਨ ਗੱਭਰੂ, ਦਲੇਰ ਕਬੱਡੀ ਖਿਡਾਰੀ ਆਦਿ ਖਾਸੀਅਤਾਂ ਨਾਲ ਜਾਣਿਆ ਜਾਂਦਾ ਪੰਜਾਬ ਅੱਜਕਲ੍ਹ ਨਸ਼ਿਆਂ ਦੀ ਹਨੇਰੀ ਕਾਰਨ ਤਬਾਹ ਹੋ ਰਿਹਾ ਹੈ। ਹਰ ਪਿੰਡ ’ਚ ਇਕ ਜਾ ਇਕ ਤੋਂ ਵੱਧ ਵਿਅਕਤੀਆਂ ਦੀ ਮੌਤ ਨਸ਼ੇ ਦੀ ਓਵਰਡੋਜ਼ ਜਾਂ ਚਿੱਟਾ ਲੈਣ ਕਾਰਨ ਹੋਈ ਹੈ। ਦੁੱਧ, ਮਲਾਈ, ਦਹੀ, ਮੱਖਣ, ਘਿਉ ਵਰਗੀਆਂ ਖੁਰਾਕਾਂ ਖਾਣ ਵਾਲੇ ਪੰਜਾਬ ਦੇ ਗੱਭਰੂ ਅੱਜਕਲ੍ਹ ਨਸ਼ਿਆਂ ਦੀ ਦਲਦਲ ’ਚ ਧੱਸਦੇ ਹੀ ਜਾ ਰਹੇ ਹਨ, ਜੋ ਬਹੁਤ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ।
ਜੇਕਰ ਅਜੇ ਵੀ ‘ਚਿੱਟੇ’ ’ਤੇ ਪੂਰੀ ਤਰ੍ਹਾਂ ਰੋਕ ਨਾ ਲੱਗੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਸੋਹਣਾ ‘ਪੰਜਾਬ’ ਪੂਰੀ ਤਰ੍ਹਾਂ ਨਸ਼ੇ ਦੀ ਲਪੇਟ ’ਚ ਆ ਜਾਵੇ। ਨਸ਼ੇ ਨੇ ਅੱਜ ਤਕ ਪਤਾ ਨੀ ਕਿੰਨੀਆਂ ਮਾਵਾਂ ਦੇ ਹੀਰਿਆਂ ਵਰਗੇ ਪੁੱਤ ਖੋਹ ਲਏ। ਕਈ ਘਰਾਂ ਦੇ ਘਰ ਉਜੜ ਗਏ।

ਇਸ ਦਾ ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਫ਼ੌਜੀ ਕਾਲੋਨੀ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਅਤਿੰਦਰਪਾਲ ਸਿੰਘ ਆਪਣੇ ਪਿੱਛੇ ਵਿਧਵਾ ਮਾਤਾ ਗੁਰਜੀਤ ਕੌਰ, ਪਤਨੀ ਅਤੇ 2 ਬੱਚਿਆਂ ਨੂੰ ਵਿਲਕਦਿਆਂ ਛੱਡ ਗਿਆ ਹੈ।

ਚਲੋ ਮੰਨ ਲੈਂਦੇ ਹਾਂ ਕਿ ‘ਚਿੱਟਾ’ (ਨਸ਼ੇ ਵਾਲਾ ਪਦਾਰਥ) ਪੁਰਾਣੀਆਂ ਸਰਕਾਰਾਂ ਦੀ ਦੇਣ ਹੈ ਪਰ ਸੂਬੇ ’ਚ ਨਵੀਂ ਬਣੀ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਵੇਲੇ ਹੁਣ ‘ਚਿੱਟੇ’ ਅਤੇ ਹੋਰ ਨਸ਼ਿਆਂ ਦੀ ਵਿਰਕੀ ਧੜੱਲੇ ਨਾਲ ਜਾਰੀ ਹੈ। ਜਿਸ ਦੀ ਸਭ ਤੋਂ ਵੱਡੀ ਉਦਾਹਰਣ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ-ਸ਼ਹਿਰਾਂ ’ਚ ਵਿਕ ਰਹੇ ਨਸ਼ੇ ਤੋਂ ਮਿਲਦੀ ਹੈ। ਜਿਸ ਦੀ ਲੋਕਾਂ ਵੱਲੋਂ ਵੀ ਪੁਸ਼ਟੀ ਵੀ ਕੀਤੀ ਜਾ ਚੁਕੀ ਹੈ। ਜਦ ਕਿ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ’ਚੋਂ ਨਸ਼ਾ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ। ਵੱਡਾ ਸਵਾਲ ਇਹ ਵੀ ਹੈ ਫਿਰ ਨੌਜਵਾਨਾਂ ਦੀ ਮੌਤ ਕਿਸ ਤਰ੍ਹਾਂ ਹੋ ਰਹੀ ਹੈ।

Add a Comment

Your email address will not be published. Required fields are marked *