ਜਦੋਂ 12ਵੀਂ ਜਮਾਤ ਦਾ ਇਮਤਿਹਾਨ ਦੇਣ ਪਹੁੰਚੇ 51 ਸਾਲ ਦੇ ਨੇਤਾਜੀ, ਹੈਰਾਨ ਰਹਿ ਗਏ ਵਿਦਿਆਰਥੀ

ਬਰੇਲੀ- ਉੱਤਰ ਪ੍ਰਦੇਸ਼ ‘ਚ 10ਵੀਂ ਅਤੇ 12ਵੀਂ ਦੇ ਇਮਤਿਹਾਨ ਸ਼ੁਰੂ ਹੋ ਚੁੱਕੇ ਹਨ। 12ਵੀਂ ਜਮਾਤ ਦੇ ਉੱਤਰ ਪ੍ਰਦੇਸ਼ ਬੋਰਡ ਦੇ ਇਮਤਿਹਾਨ ਦੌਰਾਨ ਬਰੇਲੀ ਦੇ ਇਕ ਪ੍ਰੀਖਿਆ ਕੇਂਦਰ ‘ਚ ਇਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ। ਇਮਤਿਹਾਨ ਦੇਣ ਵਾਲੇ ਜ਼ਿਆਦਾਤਰ ਵਿਦਿਆਰਥੀ ਨੌਜਵਾਨ ਸਨ। ਉੱਥੇ ਇਕ 51 ਸਾਲਾ ਵਿਅਕਤੀ ਵੀ ਸੀ ਜਿਸ ਦੇ ਹੱਥ ਵਿਚ ਇਕ ਰਾਈਟਿੰਗ ਪੈਡ, ਲੈਮੀਨੇਟਡ ਐਡਮਿਟ ਕਾਰਡ ਅਤੇ ਦੂਜੇ ਹੱਥ ‘ਚ ਪਾਣੀ ਦੀ ਬੋਤਲ ਸੀ। ਇਸ ਉਮਰ ਦੇ ਵਿਦਿਆਰਥੀ ਨੂੰ ਵੇਖ ਕੇ ਵਿਦਿਆਰਥੀਆਂ ‘ਚ ਹੈਰਾਨੀ ਸੀ।

ਇਮਤਿਹਾਨ ਲਈ ਹਜ਼ਾਰਾਂ ਦੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਹੋਏ। ਪ੍ਰੀਖਿਆ ਕੇਂਦਰ ਦੇ ਬਾਹਰ ਉਡੀਕ ਕਰਨ ਵਾਲਾ ਵਿਅਕਤੀ ਸਾਬਕਾ ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ ਉਰਫ਼ ਪੱਪੂ ਭਰਤੌਲ ਸੀ। ਮਿਸ਼ਰਾ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਤੋਂ ਟਿਕਟ ਮਿਲੀ ਸੀ ਅਤੇ ਬਰੇਲੀ ਦੇ ਬਿਠਰੀ ਚੈਨਪੁਰ ਹਲਕੇ ਤੋਂ ਜਿੱਤੇ ਸਨ। ਹਾਲਾਂਕਿ ਉਨ੍ਹਾਂ ਨੂੰ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਲਈ ਪਾਰਟੀ ਵੱਲੋਂ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਮਿਸ਼ਰਾ ਨੇ ਇਕ ਸਿਆਸਤਦਾਨ ਵਜੋਂ ਆਪਣੇ ਰੁਝੇਵਿਆਂ ਦੇ ਬਾਵਜੂਦ ਆਪਣੀ ਸਿੱਖਿਆ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ। ਮੈਂ ਸੋਚਿਆ ਕਿ ਮੈਨੂੰ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਮਿਸ਼ਰਾ ਦਾ ਮੰਨਣਾ ਹੈ ਕਿ ਆਪਣੀ ਪੜ੍ਹਾਈ ਨੂੰ ਅੱਗੇ ਵਧਾਉਣ ਨਾਲ ਉਸ ਨੂੰ ਆਪਣੇ ਛੋਟੇ ਹਲਕਿਆਂ ਨਾਲ ਬਿਹਤਰ ਢੰਗ ਨਾਲ ਜੁੜਨ ਵਿਚ ਮਦਦ ਮਿਲੇਗੀ ਪਰ ਇਸ ਕਦਮ ਦਾ ਹੋਰ ਵੀ ਵੱਡਾ ਮਕਸਦ ਹੈ।

ਖੇਤਰ ‘ਚ ਪੱਪੂ ਭਰਤੌਲ ਦੇ ਨਾਂ ਤੋਂ ਮਸ਼ਹੂਰ ਸਾਬਕਾ ਵਿਧਾਇਕ ਮਿਸ਼ਰਾ ਨੇ ਕਿਹਾ ਕਿ ਮੈਂ ਮਹਿਸੂਸ ਕੀਤਾ ਕਿ ਵੱਡੀ ਗਿਣਤੀ ‘ਚ ਲੋਕ ਖਾਸ ਤੌਰ ‘ਤੇ ਜਿਹੜੇ ਲੋਕ ਆਰਥਿਕ ਤੌਰ ‘ਤੇ ਕਮਜ਼ੋਰ ਹਨ, ਉਨ੍ਹਾਂ ਨੂੰ ਨਿਆਂ ਨਹੀਂ ਮਿਲਦਾ ਕਿਉਂਕਿ ਉਹ ਵਕੀਲਾਂ ਦਾ ਖ਼ਰਚ ਨਹੀਂ ਚੁੱਕ ਪਾਉਂਦੇ। ਮੈਂ ਅਜਿਹੇ ਲੋਕਾਂ ਦੀ ਮਦਦ ਕਰਨ ਲਈ ਕਾਨੂੰਨ ਦਾ ਅਧਿਐਨ ਕਰਨਾ ਚਾਹੁੰਦਾ ਹਾਂ। ਹੁਣ ਮੈਂ ਅੱਗੇ ਦੀ ਪੜ੍ਹਾਈ ਜਾਰੀ ਰੱਖਾਂਗਾ। 

ਮਿਸ਼ਰਾ ਨੇ ਕਿਹਾ ਕਿ ਮੈਂ ਬੋਰਡ ਇਮਤਿਹਾਨ ਲਈ ਆਪਣੇ ਵਿਸ਼ਿਆਂ ਵਜੋਂ ਹਿੰਦੀ, ਫਾਈਨ ਆਰਟਸ, ਸੋਸ਼ਲ ਸਟੱਡੀਜ਼, ਨਾਗਰਿਕ ਸ਼ਾਸਤਰ ਅਤੇ ਸਮਾਜ ਸ਼ਾਸਤਰ ਦੀ ਚੋਣ ਕੀਤੀ ਹੈ। ਇਹ ਵਿਸ਼ੇ ਕਾਨੂੰਨ ਦੀ ਪੜ੍ਹਾਈ ਵਿਚ ਵੀ ਮੇਰੀ ਮਦਦ ਕਰਨਗੇ।  ਮਿਸ਼ਰਾ ਨੇ ਦੱਸਿਆ ਕਿ ਮੈਂ ਰਾਤ ਨੂੰ 11 ਵਜੇ ਅਤੇ 1 ਵਜੇ ਤੱਕ ਪੜ੍ਹਾਈ ਕਰਦਾ ਹਾਂ। ਦਿਨ ਦੇ ਸਮੇਂ ਵੀ ਮੈਨੂੰ ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰਨ ਲਈ ਕੁਝ ਸਮਾਂ ਮਿਲਦਾ ਹੈ। ਮਿਸ਼ਰਾ ਨੇ ਕਿਹਾ ਕਿ ਉਹ 3 ਬੱਚਿਆਂ ਦੇ ਪਿਤਾ ਹਨ, ਜਿਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ।

Add a Comment

Your email address will not be published. Required fields are marked *