ਚਰਨਜੀਤ ਪਰਹਾਰ ਦੀ ਮੌਤ ‘ਚ ਦੋਸ਼ੀ ਮਨਦੀਪ ਕੌਰ ਸਿੱਧੂ ਨੂੰ ਲੱਗਾ 1,500 ਡਾਲਰ ਦਾ ਜੁਰਮਾਨਾ

ਵੈਨਕੂਵਰ- ਕੈਨੇਡਾ ਵਿਚ ਕੋਸਟ ਮਾਉਂਟੇਨ ਬੱਸ ਡਰਾਈਵਰ ਮਨਦੀਪ ਕੌਰ ਸਿੱਧੂ (47) ਨੂੰ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਕਾਰਨ ਵਾਪਰੇ ਹਾਦਸੇ ਲਈ 1,500 ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਹਾਦਸੇ ਵਿਚ ਇੱਕ ਸਹਿ-ਕਰਮਚਾਰੀ 2 ਬੱਸਾਂ ਵਿਚਕਾਰ ਫਸ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਮਨਦੀਪ ਕੌਰ ਸਿੱਧੂ (47) ਨੂੰ ਵੈਨਕੂਵਰ ਦੀ ਪ੍ਰੋਵਿੰਸ਼ੀਅਲ ਅਦਾਲਤ ਵਿੱਚ ਸ਼ੁੱਕਰਵਾਰ ਨੂੰ ਉਚਿਤ ਦੇਖ਼ਭਾਲ ਅਤੇ ਬਿਨਾਂ ਧਿਆਨ ਦੇ ਡਰਾਈਵਿੰਗ ਕਰਨ ਲਈ ਸਜ਼ਾ ਸੁਣਾਈ ਗਈ। ਉਸ ‘ਤੇ ਅਗਸਤ 2022 ਵਿਚ ਦੋਸ਼ ਲਗਾਇਆ ਗਿਆ ਸੀ ਅਤੇ ਇਸ ਮਹੀਨੇ ਦੇ ਸ਼ੁਰੂ ਵਿਚ ਉਸ ਦੋਸ਼ੀ ਮੰਨਿਆ ਗਿਆ ਸੀ। ਇਹ ਦੋਸ਼ ਅਤੇ ਸਜ਼ਾ 27 ਸਤੰਬਰ 2021 ਵਿੱਚ ਡਾਊਨਟਾਊਨ ਵੈਨਕੂਵਰ ਵਿੱਚ ਵਾਪਰੀ ਘਟਨਾ ਲਈ ਹੈ, ਜਿਸ ਵਿੱਚ ਸਾਥੀ ਬੱਸ ਡਰਾਈਵਰ ਚਰਨਜੀਤ ਪਰਹਾਰ (64) ਦੀ ਮੌਤ ਹੋ ਗਈ ਸੀ।

ਦਰਅਸਲ 27 ਸਤੰਬਰ 2021 ਨੂੰ ਸਵੇਰੇ 8:15 ਵਜੇ ਕਰੀਬ ਸਿੱਧੂ ਇਕ ਬੱਸ ਸਟਾਪ ‘ਤੇ ਦੂਜੀ ਬੱਸ ਦੇ ਠੀਕ ਪਿੱਛੇ ਰੁਕੀ, ਜਿਸ ਦੀਆਂ ਸਾਰੀਆਂ ਲਾਈਟਾਂ ਚੱਲ ਰਹੀਆਂ ਸਨ। ਇਸ ਤੋਂ ਬਾਅਦ ਪਰਹਾਰ ਸਿੱਧੂ ਦੀ ਬੱਸ ਵੱਲ ਗਏ ਅਤੇ ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਬੱਸ ਵਿਚ ਕੋਈ ਮਕੈਨੀਕਲ ਸਮੱਸਿਆ ਸੀ। ਫਿਰ ਅਚਾਨਕ ਸਿੱਧੂ ਦੀ ਬੱਸ ਨੇ ਪਰਹਾਰ ਅਤੇ ਉਨ੍ਹਾਂ ਦੀ ਬੱਸ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਸਿੱਧੂ ਨੇ ਗਵਾਹੀ ਦਿੱਤੀ ਸੀ ਕਿ ਉਸ ਨੂੰ ਯਕੀਨ ਸੀ ਕਿ ਉਸ ਦਾ ਪੈਰ ਬ੍ਰੇਕ ਪੈਡਲ ‘ਤੇ ਸੀ। ਪਰ 2 ਬੱਸਾਂ ਵਿਚਕਾਰ ਫਸਣ ਕਾਰਨ ਪਰਹਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਅਗਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ। ਜੱਜ ਨੇ ਨੋਟ ਕੀਤਾ ਕਿ ਸਿੱਧੂ ਇੱਕ ਸਿੰਗਲ ਮਦਰ ਹੈ ਜੋ 2007 ਤੋਂ ਸਕੂਲੀ ਬੱਸਾਂ ਚਲਾ ਰਹੀ ਸੀ। ਉਸ ਨੂੰ ਨਵੰਬਰ 2020 ਵਿੱਚ ਕੋਸਟ ਮਾਉਂਟੇਨ ਵੱਲੋਂ ਕੰਮ ‘ਤੇ ਰੱਖਿਆ ਗਿਆ ਸੀ ਅਤੇ ਉਸ ਨੇ ਡੇਢ ਮਹੀਨੇ ਦੀ ਸਿਖਲਾਈ ਵੀ ਲਈ ਸੀ। ਸਿੱਧੂ ਨੇ ਅਦਾਲਤ ‘ਚ ਪਰਹਾਰ ਦੇ ਪਰਿਵਾਰ ਤੋਂ ਮੁਆਫੀ ਵੀ ਮੰਗੀ।

Add a Comment

Your email address will not be published. Required fields are marked *