ਇੰਸਟਾਗ੍ਰਾਮ ਬਲੌਗਰ ਜੋੜੇ ਨੂੰ ਡਾਂਸ ਕਰਨਾ ਪਿਆ ਮਹਿੰਗਾ, ਅਦਾਲਤ ਨੇ 10 ਸਾਲ ਲਈ ਭੇਜਿਆ ਜੇਲ੍ਹ

ਪੈਰਿਸ – ਈਰਾਨ ਦੀ ਇਕ ਅਦਾਲਤ ਨੇ ਤਹਿਰਾਨ ਦੇ ਮੁੱਖ ਸਥਾਨਾਂ ਵਿਚੋਂ ਇਕ ਆਜ਼ਾਦੀ ਟਾਵਰ ਦੇ ਸਾਹਮਣੇ ਡਾਂਸ ਕਰਨ ਦੇ ਦੋਸ਼ ਵਿਚ ਇਕ ਜੋੜੇ ਨੂੰ 10 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਖਬਾਰ ‘ਡਾਨ’ ਦੇ ਅਨੁਸਾਰ ਨਵੰਬਰ ਦੇ ਸ਼ੁਰੂ ਵਿੱਚ ਆਜ਼ਾਦੀ ਟਾਵਰ ਦੇ ਸਾਹਮਣੇ ਆਸਤਿਆਜ਼ ਹਾਗੀ ਅਤੇ ਉਸਦੇ ਮੰਗੇਤਰ ਅਮੀਰ ਮੁਹੰਮਦ ਅਹਿਮਦੀ (ਦੋਵਾਂ ਦੀ ਉਮਰ 20 ਸਾਲ ਦੇ ਕਰੀਬ) ਨੂੰ ਇੱਕ ਰੋਮਾਂਟਿਕ ਡਾਂਸ ਕਰਦੇ ਹੋਏ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।

ਔਰਤਾਂ ਲਈ ਇਸਲਾਮੀ ਗਣਰਾਜ ਦੇ ਸਖ਼ਤ ਨਿਯਮਾਂ ਦੀ ਉਲੰਘਣਾ ਵਿਚ ਹਾਗੀ ਨੇ ਸਿਰ ਦਾ ਸਕਾਰਫ (ਬੁਰਕਾ) ਵੀ ਨਹੀਂ ਪਾਇਆ ਹੋਇਆ ਸੀ, ਨਾਲ ਹੀ ਈਰਾਨ ਵਿੱਚ ਔਰਤਾਂ ਨੂੰ ਜਨਤਕ ਤੌਰ ‘ਤੇ ਡਾਂਸ ਕਰਨ ਦੀ ਇਜਾਜ਼ਤ ਨਹੀਂ ਹੈ। ਅਮਰੀਕਾ ਸਥਿਤ ਮਨੁੱਖੀ ਅਧਿਕਾਰ ਕਾਰਕੁਨ ਨਿਊਜ਼ ਏਜੰਸੀ (HRANA) ਨੇ ਕਿਹਾ ਕਿ ਤਹਿਰਾਨ ਦੀ ਇਕ ਰੈਵੋਲਿਊਸ਼ਨਰੀ ਗਾਰਡ ਅਦਾਲਤ ਨੇ ਉਨ੍ਹਾਂ ਨੂੰ 10 ਸਾਲ ਅਤੇ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਨਾਲ ਹੀ ਇੰਟਰਨੈੱਟ ਦੀ ਵਰਤੋਂ ਕਰਨ ਅਤੇ ਈਰਾਨ ਛੱਡਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਤਹਿਰਾਨ ਵਿੱਚ ਪ੍ਰਸਿੱਧ ਇੰਸਟਾਗ੍ਰਾਮ ਬਲੌਗਰ ਵਜੋਂ ਮਸ਼ਹੂਰ ਜੋੜੇ ਨੂੰ ‘ਭ੍ਰਿਸ਼ਟਾਚਾਰ ਅਤੇ ਜਨਤਕ ਵੇਸਵਾਪੁਣੇ’ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ‘ਰਾਸ਼ਟਰੀ ਸੁਰੱਖਿਆ ਵਿੱਚ ਵਿਘਨ ਪਾਉਣ ਦੇ ਇਰਾਦੇ ਨਾਲ ਇਕੱਠੇ ਹੋਣ’ ਦਾ ਦੋਸ਼ੀ ਠਹਿਰਾਇਆ ਗਿਆ ਹੈ।

HRANA ਨੇ ਉਨ੍ਹਾਂ ਦੇ ਪਰਿਵਾਰਾਂ ਦੇ ਨਜ਼ਦੀਕੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਦਾਲਤੀ ਕਾਰਵਾਈ ਦੌਰਾਨ ਵਕੀਲਾਂ ਤੋਂ ਵਾਂਝੇ ਰੱਖਿਆ ਗਿਆ ਅਤੇ ਜ਼ਮਾਨਤ ‘ਤੇ ਉਨ੍ਹਾਂ ਦੀ ਰਿਹਾਈ ਦੀਆਂ ਅਪੀਲਾਂ ਨੂੰ ਰੱਦ ਕਰ ਦਿੱਤਾ ਗਿਆ। ਹਾਗੀ ਹੁਣ ਤਹਿਰਾਨ ਤੋਂ ਬਾਹਰ ਔਰਤਾਂ ਲਈ ਬਦਨਾਮ ਕਰਚਕ ਜੇਲ੍ਹ ਵਿੱਚ ਹੈ। ਕਾਰਕੁਨਾਂ ਨੇ ਇਸ ਜੇਲ੍ਹ ਦੇ ਹਾਲਾਤਾਂ ਦੀ ਲਗਾਤਾਰ ਆਲੋਚਨਾ ਕੀਤੀ ਹੈ। ਸਤੰਬਰ ਵਿਚ ਮਹਿਸਾ ਅਮੀਨਾ ਦੀ ਮੌਤ ਤੋਂ ਬਾਅਦ ਈਰਾਨੀ ਅਧਿਕਾਰੀਆਂ ਨੇ ਹਰ ਤਰ੍ਹਾਂ ਦੇ ਵਿਰੋਦਾਂ ‘ਤੇ ਸਖ਼ਤ ਕਾਰਵਾਈ ਕੀਤੀ ਹੈ, ਜਿਸ ਨੂੰ ਕਥਿਤ ਤੌਰ ‘ਤੇ ‘ਬੁਰਕਾ’ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਇੱਥੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਹੋਇਆ ਜੋ ਬਾਅਦ ਵਿੱਚ ਅੰਦੋਲਨ ਵਿੱਚ ਬਦਲ ਗਿਆ।

Add a Comment

Your email address will not be published. Required fields are marked *