ਸੀਡਬਲਿਊਸੀ ਮੈਂਬਰਾਂ ਦੀ ਨਹੀਂ ਹੋਵੇਗੀ ਚੋਣ, ਖੜਗੇ ਨੂੰ ਸੌਂਪੇ ਅਧਿਕਾਰ

ਕਾਂਗਰਸ ਦੀ ਸਿਖਰਲੀ ਨੀਤੀ ਨਿਰਧਾਰਨ ਵਾਲੀ ਕਮੇਟੀ ਸੀਡਬਲਿਊਸੀ ਦੀ ਚੋਣ ਨਹੀਂ ਹੋਵੇਗੀ ਕਿਉਂਕਿ ਪਾਰਟੀ ਦੀ ਸਟੀਅਰਿੰਗ ਕਮੇਟੀ ਨੇ ਸ਼ੁੱਕਰਵਾਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੀਡਬਲਿਊਸੀ ਦੇ ਮੈਂਬਰ ਨਾਮਜ਼ਦ ਕਰਨ ਦੇ ਅਧਿਕਾਰ ਸੌਂਪ ਦਿੱਤੇ ਹਨ। ਕਾਂਗਰਸ ਸਟੀਅਰਿੰਗ ਕਮੇਟੀ ਦੇ 45 ’ਚੋਂ ਜ਼ਿਆਦਾਤਰ ਮੈਂਬਰਾਂ ਨੇ ਪਾਰਟੀ ਸੰਵਿਧਾਨ ’ਚ ਕਈ ਸੋਧਾਂ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਇਸ ’ਚ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਸਾਬਕਾ ਪਾਰਟੀ ਪ੍ਰਧਾਨਾਂ ਨੂੰ ਵਰਕਿੰਗ ਕਮੇਟੀ ਦੀ ਸਥਾਈ ਮੈਂਬਰਸ਼ਿਪ ਦੇਣਾ ਵੀ ਸ਼ਾਮਲ ਹੈ। ਇਸ ਫ਼ੈਸਲੇ ਨਾਲ ਸੋਨੀਆ ਅਤੇ ਰਾਹੁਲ ਗਾਂਧੀ ਦੇ ਸੀਡਬਲਿਊਸੀ ’ਚ ਸ਼ਾਮਲ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਸੀਡਬਲਿਊਸੀ ’ਚ ਮੈਂਬਰਾਂ ਦੀ ਚੋਣ ਲਈ ਕੋਈ ਵੋਟਿੰਗ ਨਹੀਂ ਹੋਵੇਗੀ ਅਤੇ ਪਾਰਟੀ ਪ੍ਰਧਾਨ ਹੀ ਉਨ੍ਹਾਂ ਦੇ ਨਾਮ ਤੈਅ ਕਰੇਗਾ। ਸੀਡਬਲਿਊਸੀ ’ਚ ਕਾਂਗਰਸ ਪ੍ਰਧਾਨ ਅਤੇ ਸੰਸਦ ’ਚ ਕਾਂਗਰਸ ਦੇ ਆਗੂ ਸਮੇਤ ਕੁੱਲ 25 ਮੈਂਬਰ ਹਨ। ਇਨ੍ਹਾਂ ’ਚੋਂ 12 ਚੁਣੇ ਹੋਏ ਅਤੇ 11 ਨਾਮਜ਼ਦ ਮੈਂਬਰ ਸ਼ਾਮਲ ਹੁੰਦੇ ਹਨ। ਪਾਰਟੀ ਵੱਲੋਂ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ, ਓਬੀਸੀਜ਼, ਮਹਿਲਾਵਾਂ, ਘੱਟ ਗਿਣਤੀਆਂ ਅਤੇ ਨੌਜਵਾਨਾਂ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ’ਚ 50 ਫ਼ੀਸਦੀ ਤੱਕ ਨੁਮਾਇੰਦਗੀ ਦੇਣ ਲਈ ਸੰਵਿਧਾਨ ’ਚ ਸੋਧ ਕੀਤੀ ਜਾਵੇਗੀ। ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਨ੍ਹਾਂ ਸੋਧਾਂ ’ਚੋਂ ਇਕ ਪਾਰਟੀ ਨਾਲ ਸਬੰਧਤ ਪ੍ਰਧਾਨ ਮੰਤਰੀ ਤੇ ਸਾਬਕਾ ਪ੍ਰਧਾਨ ਮੰਤਰੀਆਂ, ਸਾਬਕਾ ਪਾਰਟੀ ਪ੍ਰਧਾਨਾਂ ਅਤੇ ਲੋਕ ਸਭਾ ਤੇ ਰਾਜ ਸਭਾ ’ਚ ਪਾਰਟੀ ਦੇ ਆਗੂਆਂ ਨੂੰ ਵੀ ਸੀਡਬਲਿਊਸੀ ਦੇ ਪੱਕੇ ਮੈਂਬਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 16 ਪ੍ਰਾਵਧਾਨਾਂ ਅਤੇ 32 ਨੇਮਾਂ ’ਚ ਸੋਧ ਦੀ ਤਜਵੀਜ਼ ਹੈ। ਪਾਰਟੀ ਸੰਵਿਧਾਨ ’ਚ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਮੰਡਲਾਂ ਤੋਂ ਲੈ ਕੇ ਸੂਬਿਆਂ ਤੱਕ ਸਾਰੇ ਪੱਧਰਾਂ ’ਤੇ 50 ਸਾਲ ਤੋਂ ਘੱਟ ਉਮਰ ਵਾਲੇ ਆਗੂਆਂ ਨੂੰ 50 ਫ਼ੀਸਦੀ ਨੁਮਾਇੰਦਗੀ ਦਿੱਤੀ ਜਾਵੇ। ਪਾਰਟੀ ਵੱਲੋਂ ਏਆਈਸੀਸੀ ਦੀਆਂ ਸਾਰੀਆਂ ਜਥੇਬੰਦੀਆਂ ’ਚ ਮਹਿਲਾਵਾਂ, ਐੱਸਸੀਜ਼, ਐੱਸਟੀਜ਼, ਓਬੀਸੀਜ਼, ਘੱਟ ਗਿਣਤੀਆਂ ਅਤੇ ਨੌਜਵਾਨਾਂ ਨੂੰ 50 ਫ਼ੀਸਦੀ ਨੁਮਾਇੰਦਗੀ ਵੀ ਮੁਹੱਈਆ ਕਰਵਾਈ ਜਾਵੇਗੀ।

ਪਾਰਟੀ ਸੂਤਰਾਂ ਨੇ ਕਿਹਾ ਕਿ ਸੰਵਿਧਾਨ ’ਚ ਮੈਂਬਰਾਂ ਲਈ ਇਹ ਸ਼ਰਤ ਵੀ ਰੱਖੀ ਜਾਵੇਗੀ ਕਿ ਉਹ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਨਗੇ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਖ਼ਿਲਾਫ਼ ਪ੍ਰਚਾਰ ਕਰਨਗੇ। ਕਾਂਗਰਸ ਸਟੀਅਰਿੰਗ ਕਮੇਟੀ ਨੇ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਨੂੰ ਸੀਡਬਲਿਊਸੀ ਦੇ ਮੈਂਬਰ ਨਾਮਜ਼ਦ ਕਰਨ ਲਈ ਸਰਬਸੰਮਤੀ ਨਾਲ ਸਾਰੇ ਅਧਿਕਾਰ ਸੌਂਪ ਦਿੱਤੇ ਸਨ। ਕਈ ਮੈਂਬਰਾਂ ਨੇ ਸੀਡਬਲਿਊਸੀ ’ਚ ਚੋਣਾਂ ਖ਼ਿਲਾਫ਼ ਅਤੇ ਉਸ ਦੇ ਹੱਕ ’ਚ ਆਪਣੇ ਵਿਚਾਰ ਪ੍ਰਗਟਾਏ। ਜੈਰਾਮ ਰਮੇਸ਼ ਨੇ ਆਸ ਜਤਾਈ ਕਿ ਸਾਰੇ ਏਆਈਸੀਸੀ ਅਤੇ ਪੀਸੀਸੀ ਡੈਲੀਗੇਟ ਇਸ ਫ਼ੈਸਲੇ ਦੀ ਹਮਾਇਤ ਕਰਨਗੇ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਟੀਅਰਿੰਗ ਕਮੇਟੀ ਮੈਂਬਰਾਂ ਨੂੰ ਸੀਡਬਲਿਊਸੀ ਮੈਂਬਰ ਚੁਣਨ ਦੇ ਅਮਲ ’ਚ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਉਣ ਦੀ ਅਪੀਲ ਕੀਤੀ ਸੀ। ਸਟੀਅਰਿੰਗ ਕਮੇਟੀ ਦੀ ਮੀਟਿੰਗ ’ਚੋਂ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਗ਼ੈਰਹਾਜ਼ਰ ਰਹੇ। ਉਂਜ ਬਾਅਦ ’ਚ ਦੋਵੇਂ ਆਗੂ ਰਾਏਪੁਰ ਪਹੁੰਚ ਗਏ ਸਨ। ਪ੍ਰਿਯੰਕਾ ਗਾਂਧੀ ਵਾਡਰਾ ਵੀ ਸਟੀਅਰਿੰਗ ਕਮੇਟੀ ਦੀ ਮੀਟਿੰਗ ’ਚ ਹਾਜ਼ਰ ਨਹੀਂ ਸੀ। 

Add a Comment

Your email address will not be published. Required fields are marked *