ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਵਿੱਤ ਸਕੱਤਰ ਖ਼ਿਲਾਫ਼ ਕੇਸ

ਨਵੀਂ ਦਿੱਲੀ, 12 ਜਨਵਰੀ-:ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਸਾਬਕਾ ਵਿੱਤ ਸਕੱਤਰ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਆਰਥਿਕ ਸਲਾਹਕਾਰ ਅਰਵਿੰਦ ਮਾਇਆਰਾਮ ਖ਼ਿਲਾਫ਼ ਭਾਰਤੀ ਬੈਂਕ ਨੋਟਾਂ ਲਈ ਵਿਸ਼ੇਸ਼ ਰੰਗ ਦੇ ਧਾਗੇ ਦੀ ਸਪਲਾਈ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੇਸ ਦਰਜ ਕਰਕੇ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਸਾਬਕਾ ਅਧਿਕਾਰੀ ਖ਼ਿਲਾਫ਼ ਇਹ ਕਾਰਵਾਈ ਉਸ ਦੇ ਇੱਕ ਦਿਨ ਪਹਿਲਾਂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਵਿੱਚ ਸ਼ਾਮਲ ਹੋਣ ਮਗਰੋਂ ਕੀਤੀ ਗਈ ਹੈ। ਸੀਬੀਆਈ ਨੇ ਆਪਣੀ ਐੱਫਆਈਆਰ ਵਿੱਚ ਦੋਸ਼ ਲਾਇਆ ਕਿ ਮਾਇਆਰਾਮ ਨੇ ਬਰਤਾਨੀਆ ਆਧਾਰਤ ਕੰਪਨੀ ਡੀ ਲਾ ਰੂਏ ਇੰਟਰਨੈਸ਼ਨਲ ਲਿਮਟਿਡ ਅਤੇ ਵਿੱਤ ਮੰਤਰਾਲੇ ਤੇ ਆਰਬੀਆਈ ਦੇ ਅਣਪਛਾਤੇ ਅਧਿਕਾਰੀਆਂ ਨਾਲ ਮਿਲ ਕੇ ਫਰਮ ਨੂੰ ਬੇਲੋੜਾ ਲਾਹਾ ਦੇਣ ਲਈ ਇੱਕ ਸਾਜ਼ਿਸ਼ ਰਚੀ। ਉਨ੍ਹਾਂ ਕਿਹਾ ਕਿ ਕੰਪਨੀ ਨੇ ਦੋਸ਼ ਲਾਇਆ ਹੈ ਕਿ ਵਿੱਤ ਸਕੱਤਰ ਵਜੋਂ ਮਾਇਆਰਾਮ ਨੇ ਗ੍ਰਹਿ ਮੰਤਰਾਲੇ ਤੋਂ ਬਿਨਾਂ ਲਾਜ਼ਮੀ ਸੁਰੱਖਿਆ ਮਨਜ਼ੂਰੀ ਲਏ ਜਾਂ ਤਤਕਾਲੀ ਵਿੱਤ ਮੰਤਰੀ ਨੂੰ ਸੂਚਿਤ ਕੀਤੇ ਬਗੈਰ ਕੰਪਨੀ ਨਾਲ ਭਾਰਤੀ ਬੈਂਕ ਨੋਟਾਂ ਲਈ ਵਿਸ਼ੇਸ਼ ਰੰਗ ਦੇ ਧਾਗੇ ਦੀ ਸਪਲਾਈ ਸਬੰਧੀ ਖ਼ਤਮ ਹੋ ਚੁੱਕੇ ਇਕਰਾਰਨਾਮੇ ਨੂੰ ਤਿੰਨ ਸਾਲ ਲਈ ਗ਼ੈਰਕਾਨੂੰਨੀ ਤੌਰ ’ਤੇ ਅੱਗੇ ਵਧਾ ਦਿੱਤਾ। ਸੀਬੀਆਈ ਨੇ 1978 ਬੈਚ ਦੇ ਸੇਵਾਮੁਕਤ ਆਈਏਐੱਸ ਅਧਿਕਾਰੀ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਜੈਪੁਰ ਅਤੇ ਦਿੱਲੀ ਵਿਚਲੇ ਰਿਹਾਇਸ਼ੀ ਟਿਕਾਣਿਆਂ ’ਤੇ ਛਾਪੇ ਮਾਰੇ। ਕੇਂਦਰੀ ਜਾਂਚ ਏਜੰਸੀ ਨੇ ਵਿੱਤ ਮੰਤਰਾਲੇ ਵਿੱਚ ਆਰਥਿਕ ਮਾਮਲਿਆਂ ਬਾਰੇ ਵਿਭਾਗ ਦੇ ਮੁੱਖ ਵਿਜੀਲੈਂਸ ਅਧਿਕਾਰੀ ਦੀ ਸ਼ਿਕਾਇਤ ’ਤੇ 2018 ਵਿੱਚ ਸਾਬਕਾ ਅਧਿਕਾਰੀ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ।

Add a Comment

Your email address will not be published. Required fields are marked *