ਸਾਰੇ ਸਕੂਲਾਂ ‘ਚ ਪੜ੍ਹਾਈ ਜਾਵੇਗੀ ਪ੍ਰਧਾਨ ਮੰਤਰੀ ਮੋਦੀ ਦੀ ਕਿਤਾਬ, ਸਿੱਖਿਆ ਮੰਤਰਾਲੇ ਨੇ ਸੂਬਿਆਂ ਨੂੰ ਦਿੱਤੇ ਨਿਰਦੇਸ਼

ਨਵੀਂ ਦਿੱਲੀ : ਕੇਂਦਰੀ ਸਿੱਖਿਆ ਮੰਤਰਾਲੇ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਪ੍ਰੀਖਿਆ ਦੇ ਤਣਾਅ ਦੇ ਖ਼ਿਲਾਫ਼ ਮੁਹਿੰਮ ਨੂੰ ਸੰਸਥਾਗਤ ਰੂਪ ਦੇਣ ਅਤੇ ਇਸ ਨੂੰ ਜਨ ਅੰਦੋਲਨ ਬਣਾਉਣ ਲਈ ਨੈਸ਼ਨਲ ਬੁੱਕ ਟਰੱਸਟ (ਐੱਨ.ਬੀ.ਟੀ.) ਵੱਲੋਂ ਪ੍ਰਕਾਸ਼ਿਤ ਕਿਤਾਬ “ਇਗਜ਼ਾਮ ਵਾਰੀਅਰਜ਼” ਸਾਰੇ ਸਕੂਲਾਂ ਦੀਆਂ ਲਾਈਬ੍ਰੇਰੀਆਂ ਵਿਚ ਮੁਹੱਈਆ ਕਰਵਾਈ ਜਾਵੇ।

ਸਿੱਖਿਆ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਮੁਤਾਬਕ, ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਛੇਵਾਂ ਸੰਸਕਰਣ 27 ਜਨਵਰੀ 2023 ਨੂੰ ਕਰਵਾਇਆ ਗਿਆ ਸੀ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਤੇ ਵਿਦੇਸ਼ਾਂ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨਾਲ ਗੱਲਬਾਤ ਕੀਤੀ। ਬਿਆਨ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ “ਇਗਜ਼ਾਮ ਵਾਰੀਅਰਜ਼” ਨਾਂ ਦੀ ਕਿਤਾਬ ਲਿਖੀ ਹੈ ਜਿਸ ਵਿਚ ਪ੍ਰੀਖਿਆ ਦੇ ਤਣਾਅ ਨੂੰ ਦੂਰ ਕਰਨ ਦੇ ਤਰੀਕਿਆਂ ਤੇ ਸਾਧਨਾਂ ਸਬੰਧੀ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਲਈ ‘ਮੰਤਰਾਂ’ ਨੂੰ ਸ਼ਾਮਲ ਕੀਤਾ ਗਿਆ ਹੈ। 

ਇਸ ਵਿਚ ਕਿਹਾ ਗਿਆ ਹੈ ਕਿ ਪ੍ਰੀਖਿਆ ਪੇ ਚਰਚਾ ਨੂੰ ਜਨ ਅੰਦੋਲਨ ਵਿਚ ਤਬਦੀਲ ਕਰਨ ਲਈ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਾਰੇ ਸੂਬਿਆਂ  ਦੇ ਮੁੱਖ ਮੰਤਰੀਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਹਰ ਸਕੂਲ ਦੀ ਲਾਈਬ੍ਰੇਰੀ ਵਿਚ “ਇਗਜ਼ਾਮ ਵਾਰੀਅਰਜ਼” ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।

ਸਿੱਖਿਆ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਉਕਤ ਕਿਤਾਬ ਦਾ ਪੰਜਾਬੀ ਸਣੇ 11 ਭਾਸ਼ਾਵਾਂ ਵਿਚ ਇਸ ਅਨੁਵਾਦ ਕੀਤਾ ਗਿਆ ਹੈ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਦੇਸ਼ ਭਰ ਦੇ ਵਿਦਿਆਰਥੀਆਂ ‘ਤੇ ਕਿਤਾਬ ਦੇ ਵਿਲੱਖਣ ਪ੍ਰਭਾਅ ‘ਤੇ ਗੌਰ ਕਰਦਿਆਂ ਸਿੱਖਿਆ ਮੰਤਰਾਲੇ ਦੀ ਦੇਖ-ਰੇਖ ਹੇਠ ਨੈਸ਼ਨਲ ਬੁੱਕ ਟਰੱਸਟ ਨੇ “ਇਗਜ਼ਾਮ ਵਾਰੀਅਰਜ਼” ਕਿਤਾਬ ਦਾ ਅਨੁਵਾਦ 11 ਭਾਰਤੀ ਭਾਸ਼ਾਵਾਂ ਵਿਚ ਕੀਤਾ। ਇਸ ਨੂੰ ਅਸਮੀਆ, ਬੰਗਲਾ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਮਿਲ, ਤੇਲੁਗੂ ਤੇ ਉਰਦੂ ਵਿਚ ਪ੍ਰਕਾਸ਼ਿਤ ਕੀਤਾ ਹੈ।

Add a Comment

Your email address will not be published. Required fields are marked *