ਪੰਜਾਬੀ ਯੂਨੀਵਰਸਿਟੀ ਬਚਾਉਣ ਲਈ ਡਟਿਆ ਵਿਦਿਆਰਥੀ ਮੋਰਚਾ

ਪਟਿਆਲਾ, 21 ਫਰਵਰੀ– ਸਾਢੇ ਚਾਰ ਅਰਬ ਦੇ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਦਾ ਹੰਭਲਾ ਮਾਰਦਿਆਂ ਇੱਥੋਂ ਦੇ ਵਿਦਿਆਰਥੀਆਂ ਨੇ ਅੱਜ ‘ਕੌਮਾਂਤਰੀ ਮਾਤ ਭਾਸ਼ਾ ਦਿਵਸ’ ਮੌਕੇ ਸਰਕਾਰ ਨੂੰ ਹਲੂਣਾ ਦੇਣ ਲਈ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਕੀਤਾ ਹੈ। ਇੱਥੋਂ ਦੀਆਂ ਪੰਜ ਜਥੇਬੰਦੀਆਂ ’ਤੇ ਆਧਾਰਿਤ ‘ਸਾਂਝੇ ਵਿਦਿਆਰਥੀ ਮੋਰਚੇ’ ਦੀ ਅਗਵਾਈ ਹੇਠਾਂ ਵਿਦਿਆਰਥੀਆਂ ਨੇ ਕਈ ਘੰਟੇ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰ ਕੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਅਰਬਨ ਅਸਟੇਟ ਵਾਲੇ ਪਾਸੇ ਦਾ ਗੇਟ ਵੀ ਬੰਦ ਰੱਖਿਆ ਗਿਆ। ਇਹ ਸਾਂਝਾ ਵਿਦਿਆਰਥੀ ਮੋਰਚਾ ਪੀਐੱਸਯੂ, ਪੀਆਰਐੱਸਯੂ, ਏਆਈਐੱਸਐੱਫ, ਐੱਸਐੱਫਆਈ ਅਤੇ ਪੀਐੱਸਯੂ (ਲ) ’ਤੇ ਆਧਾਰਿਤ ਹੈ, ਜਿਸ ਦੀ ਅਗਵਾਈ ਅਮਨਦੀਪ ਸਿੰਘ ਖਿਓਵਾਲੀ, ਰਸ਼ਪਿੰਦਰ ਜਿੰਮੀ, ਅੰਮ੍ਰਿਤਪਾਲ, ਵਰਿੰਦਰ ਖੁਰਾਣਾ ਤੇ ਗੁਰਪ੍ਰੀਤ ਆਦਿ ਵਿਦਿਆਰਥੀ ਆਗੂਆਂ ਨੇ ਕੀਤੀ। ਵਿਦਿਆਰਥੀ ਆਗੂਆਂ ਤੇ ਹੋਰਾਂ ਦਾ ਕਹਿਣਾ ਸੀ ਕਿ ਇਕ ਪਾਸੇ ਸਰਕਾਰ ਮਾਂ ਬੋਲੀ ਦੇ ਰਾਖੇ ਬਣਨ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪਸਾਰ ਅਤੇ ਵਿਕਾਸ ਲਈ ਬਣੀ ਪੰਜਾਬੀ ਯੂਨੀਵਰਸਿਟੀ ਦੀ ਸਾਂਭ ਸੰਭਾਲ ਵੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕਰੀਬ 2.97 ਅਰਬ ਦੇ ਵਿੱਤੀ ਘਾਟੇ ਅਤੇ 150 ਕਰੋੜ ਦੇ ਕਰਜ਼ੇ ਦੇ ਚੱਲਦਿਆਂ ਇਹ ਯੂਨੀਵਰਸਿਟੀ ਇਸ ਵਕਤ 4.47 ਅਰਬ ਤੋਂ ਵੀ ਵੱਧ ਦੇ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਅਧਿਆਪਕਾਂ ਤੱਕ ਦੀਆਂ ਅਸਾਮੀਆਂ ਵੀ ਖਾਲੀ ਪਈਆਂ ਹਨ। ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਪੀਐੱਚਡੀ ਖੋਜਾਰਥੀਆਂ ਨੂੰ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸਰਕਾਰ ਤੋਂ ਕਰਜ਼ੇ ਦੀ ਜ਼ਿੰਮੇਵਾਰੀ ਚੁੱੱਕਣ ਸਮੇਤ ਗਰਾਂਟ ਦੁੱਗਣੀ ਕਰਨ ਦੀ ਮੰਗ ਕੀਤੀ ਗਈ।  

Add a Comment

Your email address will not be published. Required fields are marked *