’ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਸੂਬਾ ਪੱਧਰੀ ਮੁਫ਼ਤ ਟੀਕਾਕਰਨ ਮੁਹਿੰਮ 15 ਫ਼ਰਵਰੀ ਤੋਂ ਹੋਵੇਗੀ ਸ਼ੁਰੂ’

ਚੰਡੀਗੜ੍ਹ : ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਸੂਬਾ ਪੱਧਰੀ ਮੁਫ਼ਤ ਟੀਕਾਕਰਨ ਮੁਹਿੰਮ 15 ਫ਼ਰਵਰੀ, 2023 ਨੂੰ ਐੱਸ.ਏ.ਐੱਸ. ਨਗਰ (ਮੋਹਾਲੀ) ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਇਸ ਸਾਲ ਦੌਰਾਨ ਲੰਪੀ ਸਕਿਨ ਬੀਮਾਰੀ ਤੋਂ ਗਾਵਾਂ ਦੇ ਅਗਾਊਂ ਬਚਾਅ ਲਈ ਮੈਗਾ ਟੀਕਾਕਰਨ ਮੁਹਿੰਮ ਵਿੱਢਣ ਵਾਸਤੇ ਪੰਜਾਬ ’ਚ 25 ਲੱਖ ਗਾਵਾਂ ਨੂੰ ਗੋਟ ਪੌਕਸ ਵੈਕਸੀਨ ਦੀਆਂ 25 ਲੱਖ ਖ਼ੁਰਾਕਾਂ ਦੇ ਟੀਕਾਕਰਨ ਕਰਨ ਦਾ ਟੀਚਾ ਮਿੱਥਿਆ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਦੂਜੇ ਸੂਬਿਆਂ ਰਾਹੀਂ ਪੰਜਾਬ ਅੰਦਰ ਫੈਲੀ ਇਸ ਬੀਮਾਰੀ ਨਾਲ ਪਸ਼ੂ-ਧਨ ਦਾ ਬਹੁਤ ਨੁਕਸਾਨ ਹੋਇਆ ਸੀ। ਇਹ ਬੀਮਾਰੀ ਮੁੜ ਸੂਬੇ ’ਚ ਕਿਸਾਨੀ, ਪਸ਼ੂ-ਧਨ ਅਤੇ ਸਬੰਧਿਤ ਕਿੱਤਿਆਂ ਦਾ ਨੁਕਸਾਨ ਨਾ ਕਰ ਸਕੇ, ਇਸ ਲਈ ਸੂਬਾ ਸਰਕਾਰ ਨੇ ਪਹਿਲਾਂ ਹੀ ਵਿਉਂਤਬੰਦੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਅਤੇ ਭਵਿੱਖੀ ਰਣਨੀਤੀ ਉਲੀਕਣ ਲਈ ਗਠਿਤ ਕੀਤੇ ਗਏ ਮੰਤਰੀ ਸਮੂਹ ਦੀ ਮੀਟਿੰਗ ਦੌਰਾਨ ਲਏ ਫ਼ੈਸਲੇ ਅਨੁਸਾਰ 15 ਫ਼ਰਵਰੀ, 2023 ਤੋਂ ਸੂਬਾ ਪੱਧਰੀ ਮੈਗਾ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤਕਰੀਬਨ 75 ਦਿਨ ਤਕ ਚੱਲਣ ਵਾਲੀ ਇਸ ਟੀਕਾਕਰਨ ਮੁਹਿੰਮ ਦੌਰਾਨ 30 ਅਪ੍ਰੈਲ, 2023 ਤੱਕ ਸੂਬੇ ਦੇ ਸਮੁੱਚੇ ਗਊਧਨ ਦਾ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ।

ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਤੇਲੰਗਾਨਾ ਦੇ ਸਰਕਾਰੀ “ਸਟੇਟ ਵੈਟਰਨਰੀ ਬਾਇਓਲੌਜੀਕਲ ਐਂਡ ਰਿਸਰਚ ਇੰਸਟੀਚਿਊਟ, ਹੈਦਰਾਬਾਦ” ਤੋਂ 25 ਲੱਖ ਖ਼ੁਰਾਕਾਂ ਖ਼ਰੀਦ ਕੇ ਲੁਧਿਆਣਾ ਸਥਿਤ ਪੰਜਾਬ ਵੈਟਰਨਰੀ ਵੈਕਸੀਨ ਸੰਸਥਾ ਵਿਖੇ ਵਿਗਿਆਨਿਕ ਤਰੀਕੇ ਨਾਲ ਸੁਰੱਖਿਅਤ ਸਟੋਰ ਕੀਤੀਆਂ ਗਈਆਂ ਹਨ, ਜਿਥੋਂ ਇਨ੍ਹਾਂ ਖ਼ੁਰਾਕਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੈਕਸੀਨ ਨੂੰ ਤੇਲੰਗਾਨਾ ਤੋਂ ਟਰਾਂਸਪੋਰਟ ਕਰਦੇ ਸਮੇਂ ਵੈਕਸੀਨ ਦੀ ਗੁਣਵੱਤਾ ਲਈ ਕੋਲਡ ਚੇਨ ਬਰਕਰਾਰ ਰੱਖਣ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।

ਮੈਗਾ ਟੀਕਾਕਰਨ ਮੁਹਿੰਮ ਲਈ ਕੀਤੇ ਗਏ ਪ੍ਰਬੰਧ

ਇਸ ਦੌਰਾਨ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਡਾਇਰੈਕਟੋਰੇਟ ਵਿਖੇ ਇਕ ਜੁਆਇੰਟ ਡਾਇਰੈਕਟਰ ਪੱਧਰ ਦੇ ਅਧਿਕਾਰੀ ਨੂੰ ਨੋਡਲ ਅਫ਼ਸਰ ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ, ਜੋ ਰੋਜ਼ਾਨਾ ਪ੍ਰਗਤੀ ਦੀ ਪੈਰਵਾਈ ਕਰੇਗਾ ਅਤੇ ਤਾਲਮੇਲ ਰੱਖੇਗਾ। ਵਿਭਾਗ ਵੱਲੋਂ ਪਹਿਲਾਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਦੇ ਪਸ਼ੂ ਹਸਪਤਾਲਾਂ ਅਤੇ ਪਸ਼ੂ ਡਿਸਪੈਂਸਰੀਆਂ ਵਿਚ ਤਾਇਨਾਤ ਸਮੂਹ ਵੈਟਰਨਰੀ ਅਫਸਰ, ਵੈਟਰਨਰੀ ਇੰਸਪੈਕਟਰ, ਵੈਟਰਨਰੀ ਫਾਰਮਾਸਿਸਟ ਅਤੇ ਦਰਜਾਚਾਰ ਕਰਮਚਾਰੀਆਂ ’ਤੇ ਆਧਾਰਿਤ 773 ਟੀਮਾਂ ਬਣਾ ਕੇ ਟੀਕਾਕਰਨ ਕੀਤਾ ਜਾਵੇਗਾ ਅਤੇ ਟੀਕਾਕਰਨ ਦੌਰਾਨ ਕੋਲਡ ਚੇਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਵਿਭਾਗ ਦੇ ਪ੍ਰਬੰਧਕੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਦਸੰਬਰ 2022 ਵਿਚ 77 ਵੈਟਰਨਰੀ ਅਫ਼ਸਰਾਂ ਨੂੰ ਸੀਨੀਅਰ ਵੈਟਰਨਰੀ ਅਫ਼ਸਰਾਂ/ਸਹਾਇਕ ਡਾਇਰੈਕਟਰਾਂ ਵਜੋਂ ਤਰੱਕੀ ਦਿਤੀ ਗਈ ਤਾਂ ਜੋ ਸਮੁੱਚੇ ਪੰਜਾਬ ਵਿੱਚ ਜ਼ਿਲਾ/ਤਹਿਸੀਲ ਪੱਧਰ ‘ਤੇ ਟੀਕਾਕਰਨ ਮੁਹਿੰਮ ਅਤੇ ਹੋਰ ਵਿਭਾਗੀ ਸਕੀਮਾਂ ਦਾ ਸੁਚੱਜਾ ਨਿਰੀਖਣ ਯਕੀਨੀ ਬਣਾਇਆ ਜਾ ਸਕੇ। ਟੀਕਾਕਰਨ ਮੁਹਿੰਮ ਦੇ ਮੱਦੇਨਜ਼ਰ ਵਿਭਾਗ ਵੱਲੋਂ 418 ਵੈਟਰਨਰੀ ਅਫ਼ਸਰਾਂ ਦੀ ਭਰਤੀ ਪ੍ਰਕਿਰਿਆ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਰਹੀ ਹੈ, ਜਿਸ ਅਧੀਨ ਤਕਰੀਬਨ 200 ਵੈਟਰਨਰੀ ਅਫਸਰਾਂ ਨੂੰ ਇਸੇ ਮਹੀਨੇ ਨਿਯੁਕਤੀ ਪੱਤਰ ਦੇ ਕੇ ਤਾਇਨਾਤ ਕਰ ਦਿੱਤਾ ਜਾਵੇਗਾ ਤਾਂ ਜੋ ਇਹ ਅਧਿਕਾਰੀ ਵੀ ਟੀਕਾਕਰਨ ਦੀ ਇਸ ਸੂਬਾ ਪੱਧਰੀ ਮੁਹਿੰਮ ਵਿਚ ਆਪਣਾ ਯੋਗਦਾਨ ਪਾ ਸਕਣ। ਜ਼ਿਕਰਯੋਗ ਹੈ ਕਿ ਵਿਸ਼ਾਣੂਆਂ ਤੋਂ ਹੋਣ ਵਾਲੀ ਲੰਪੀ ਸਕਿਨ ਬੀਮਾਰੀ ਨੇ ਜੁਲਾਈ 2022 ਵਿਚ ਸੂਬੇ ਦੇ ਗਊਧਨ ਨੂੰ ਵੱਡੀ ਪੱਧਰ ‘ਤੇ ਆਪਣੀ ਲਪੇਟ ਵਿਚ ਲੈ ਲਿਆ ਸੀ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਕਰੀਬ 1.75 ਲੱਖ ਗਊਧਨ ਪ੍ਰਭਾਵਿਤ ਹੋਇਆ ਸੀ ਅਤੇ ਇਸ ਸਮੇਂ ਦੌਰਾਨ ਲਗਭਗ 18 ਹਜ਼ਾਰ ਗਊਧਨ ਦੀ ਮੌਤ ਹੋਈ ਸੀ।

Add a Comment

Your email address will not be published. Required fields are marked *