ਮਾਹਿਲਪੁਰ ਵਿਖੇ ਬੈਂਕ ਦੀ ਕੰਧ ਪਾੜ ਕੇ ਲੁੱਟ ਦੀ ਕੋਸ਼ਿਸ਼

ਮਾਹਿਲਪੁਰ – ਮਾਹਿਲਪੁਰ-ਫਗਵਾੜਾ ਰੋਡ ’ਤੇ ਪਿੰਡ ਪਾਲਦੀ ਵਿਖੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਪਿਛਲੀ ਕੰਧ ਪਾੜ੍ਹ ਕੇ ਬੈਂਕ ਲੁੱਟਣ ਦੀ ਨੀਅਤ ਨਾਲ ਅੰਦਰ ਦਾਖ਼ਲ ਹੋਏ ਲੁਟੇਰੇ ਅਜੇ ਬੈਂਕ ਦੀ ਫਰੋਲਾ-ਫਰਾਲੀ ਹੀ ਕਰ ਰਹੇ ਸਨ ਕਿ ਅਚਾਨਕ ਬਾਹਰ ਸੜਕ ’ਤੇ ਕਿਸੇ ਵਾਹਨ ਦਾ ਸਾਇਰਨ ਵੱਜਣ ਕਾਰਨ ਲੁਟੇਰੇ ਪਿਛਲੇ ਪਾਸਿਓਂ ਫਰਾਰ ਹੋ ਗਏ। ਮਾਮਲੇ ਦਾ ਭੇਦ ਬੀਤੇ ਦਿਨ ਸਵੇਰੇ ਉਸ ਵੇਲੇ ਖੁੱਲ੍ਹਾ ਜਦੋਂ ਬੈਂਕ ਦੀ ਮਹਿਲਾ ਸਫ਼ਾਈ ਕਰਮਚਾਰੀ ਨੇ ਆ ਕੇ ਬੈਂਕ ਦੀ ਪਿਛਲੀ ਕੰਧ ਤੋੜੀ ਹੋਈ ਵੇਖੀ। ਚੌਂਕੀ ਇੰਚਾਰਜ ਬਲਜਿੰਦਰ ਸਿੰਘ ਪੁਲਸ ਫੋਰਸ ਲੈ ਕੇ ਮੌਕੇ ’ਤੇ ਪਹੁੰਚੇ। ਉਨ੍ਹਾਂ ਸੀ. ਸੀ. ਟੀ. ਵੀ. ’ਚ ਕੈਦ ਹੋਏ ਚੋਰਾਂ ਦੀਆਂ ਤਸਵੀਰਾਂ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਮੈਨੇਜਰ ਜੁਝਾਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ ਨੌ ਵਜੇ ਦੇ ਕਰੀਬ ਬੈਂਕ ਦੀ ਮਹਿਲਾ ਸਫ਼ਾਈ ਕਰਮਚਾਰੀ ਜਦੋਂ ਬੈਂਕ ਦੇ ਕਮਰਿਆਂ ਦੀ ਸਫ਼ਾਈ ਕਰ ਰਹੀ ਸੀ ਤਾਂ ਉਸ ਨੇ ਕੁਝ ਸਾਮਾਨ ਇੱਧਰ-ਉੱਧਰ ਖਿੱਲਰਿਆ ਵੇਖਿਆ। ਇਕ ਕਮਰੇ ਦੀ ਸਫ਼ਾਈ ਕਰਨ ਸਮੇਂ ਉਸ ਦੀ ਨਜ਼ਰ ਬੈਂਕ ਦੀ ਪਿਛਲੀ ਤੋੜੀ ਗਈ ਕੰਧ ’ਤੇ ਪਈ ਤਾਂ ਉਸ ਨੇ ਤੁਰੰਤ ਉਨ੍ਹਾਂ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਮਾਹਿਲਪੁਰ ਪੁਲਸ ਨੂੰ ਫੋਨ ਕੀਤਾ ਅਤੇ ਬੈਂਕ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਰਾਤ ਦੋ ਵਜੇ ਦੇ ਕਰੀਬ ਦੋ ਨਕਾਬਪੋਸ਼ ਨੌਜਵਾਨ ਹੱਥ ਵਿਚ ਬੈਟਰੀਆਂ ਲੈ ਕੇ ਬੈਂਕ ਅੰਦਰ ਦਾਖਲ ਹੋਏ ਸਨ |

ਉਨ੍ਹਾਂ ਦੱਸਿਆ ਕਿ ਚੋਰ ਅਜੇ ਬੈਂਕ ਦੇ ਕਾਊਂਟਰ ਹੀ ਫਰੋਲ ਰਹੇ ਸਨ ਕਿ ਅਚਾਨਕ ਬਾਹਰ ਜਰਨੈਲੀ ਸੜਕ ’ਤੇ ਕਿਸੇ ਵਾਹਨ ਦਾ ਸਾਇਰਨ ਵੱਜ ਗਿਆ ਅਤੇ ਚੋਰ ਉਨ੍ਹਾਂ ਵੱਲੋਂ ਹੀ ਤੋੜੀ ਗਈ ਕੰਧ ਰਾਹੀਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੈਂਕ ਵਿਚ ਰੋਜ਼ਾਨਾ 20 ਤੋਂ 25 ਲੱਖ ਦਾ ਲੈਣ ਦੇਣ ਹੁੰਦਾ ਹੈ ਪਰ ਬੈਂਕ ਦਾ ਹੋਰ ਕੋਈ ਵੀ ਨੁਕਸਾਨ ਨਹੀਂ ਹੋਇਆ। ਮੌਕੇ ’ਤੇ ਫੋਰਸ ਲੈ ਕੇ ਪਹੁੰਚੇ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸੀ. ਸੀ. ਟੀ. ਵੀ. ਕੈਮਰੇ ਦੀਆਂ ਫੁਟੇਜ ਲੈ ਕੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ। ਜਲਦ ਹੀ ਚੋਰ ਵੀ ਕਾਬੂ ਕਰ ਲਏ ਜਾਣਗੇ। 

Add a Comment

Your email address will not be published. Required fields are marked *