2024 ’ਚ ਮੁੜ ਨਰਿੰਦਰ ਮੋਦੀ ਹੀ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ : ਡਾ. ਵਿਜੇ ਸੋਨਕਰ ਸ਼ਾਸਤਰੀ

ਲੁਧਿਆਣਾ – ਭਾਜਪਾ ਦੇ ਰਾਸ਼ਟਰੀ ਬੁਲਾਰੇ ਅਤੇ ਬਨਾਰਸ ਦੇ ਸਾਬਕਾ ਐੱਮ.ਪੀ. ਡਾ. ਵਿਜੇ ਸੋਨਕਰ ਸ਼ਾਸਤਰੀ ਨੇ ਕਿਹਾ ਕਿ ਵਿਰੋਧੀ ਚਾਹੇ ਜਿੰਨਾ ਵੀ ਜ਼ੋਰ ਲਾ ਲੈਣ ਪਰ 2024 ਵਿਚ ਨਰਿੰਦਰ ਮੋਦੀ ਹੀ ਮੁੜ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਉਹ ਅੱਜ ਇਥੇ ਪੰਜਾਬ ਭਾਜਪਾ ਦੀ ਕਾਰਜਕਾਰਣੀ ਦੇ ਮੈਂਬਰ ਰਾਕੇਸ਼ ਕਪੂਰ ਦੇ ਨਿਵਾਸ ਸਥਾਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਵਿਜੇ ਸੋਨਕਾਰ ਸ਼ਾਸਤਰੀ ਨੇ ਕਿਹਾ ਕਿ ਕਾਂਗਰਸ ਸੰਪੂਰਨ ਦੇਸ਼ ਵਿਚ ਆਪਣੀ ਸਿਆਸੀ ਜ਼ਮੀਨ ਗੁਆ ਚੁੱਕੀ ਹੈ। ਭ੍ਰਿਸ਼ਟਾਚਾਰ ਦੀ ਜਨਮਦਾਤੀ ਕਾਂਗਰਸ ਨੂੰ ਦੇਸ਼ ਦੇ ਲੋਕ ਪੂਰੀ ਤਰ੍ਹਾਂ ਠੁਕਰਾ ਚੁੱਕੇ ਹਨ। ਕੋਈ ਵੀ ਵਿਰੋਧੀ ਦਲ ਕਾਂਗਰਸ ਦੀ ਅਗਵਾਈ ਕਬੂਲਣ ਅਤੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਮੰਨਣ ਲਈ ਤਿਆਰ ਨਹੀਂ ਹੈ। ਅਜਿਹੇ ਵਿਚ ਵਿਰੋਧੀ ਦਲਾਂ ਦਾ ਕੋਈ ਤਾਕਤਵਰ ਜੱਥੇਬੰਦੀ ਨਹੀਂ ਬਣ ਪਾ ਰਹੀ। ਲਗਭਗ ਸਾਰੇ ਵਿਰੋਧੀ ਦਲ ਜਨਤਾ ਦੀਆਂ ਨਜ਼ਰਾਂ ਵਿਚ ਡਿੱਗ ਚੁੱਕੇ ਹਨ, ਜਦੋਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਦੇਸ਼ ਦੇ ਲੋਕਾਂ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਲੋਕਾਂ ਦੇ ਸਿਰ ਚੜ੍ਹ ਬੋਲ ਰਹੀ ਹੈ। ਉਨ੍ਹਾਂ ਦੇ ਸ਼ਾਸਨ ਵਿਚ ਭਾਰਤ ਨੇ ਜਿਥੇ ਵਰਣਨਯੋਗ ਤਰੱਕੀ ਕੀਤੀ ਹੈ, ਉਥੇ ਵਿਦੇਸ਼ਾਂ ਵਿਚ ਵੀ ਭਾਰਤ ਦਾ ਨਾਮ ਉੱਚਾ ਹੋਇਆ ਹੈ।

ਇਸ ਮੌਕੇ ਪ੍ਰਦੇਸ਼ ਭਾਜਪਾ ਦੀ ਕਾਰਜਕਾਰਣੀ ਦੇ ਮੈਂਬਰ ਰਾਕੇਸ਼ ਕਪੂਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪ੍ਰਦੇਸ਼ ਵਿਚ ਸਿਰ ਚੁੱਕ ਰਹੀਆਂ ਵੱਖਵਾਦੀ ਤਾਕਤਾਂ ਨੂੰ ਛੋਟ ਦੇਣਾ ਜਾਂ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰਦੇ ਰਹਿਣਾ ਭਾਰੀ ਪੈ ਸਕਦਾ ਹੈ। ਖਾਲਿਸਤਾਨ ਸਬੰਧੀ ਵਾਰਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅਮ੍ਰਿਤਪਾਲ ਨੇ ਮੋਗਾ ਵਿਚ ਜੋ ਕੁਝ ਵੀ ਕਿਹਾ ਹੈ, ਉਹ ਪ੍ਰਦੇਸ਼ ਸਰਕਾਰ ਅਤੇ ਪੁਲਸ ਦੇ ਲਈ ਸਿੱਧੀ ਚੁਣੌਤੀ ਹੈ। ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਪੰਜਾਬ ਦਾ ਮਾਹੌਲ ਕਿਸੇ ਵੀ ਕੀਮਤ ’ਤੇ ਖਰਾਬ ਨਾ ਹੋਵੇ। ਪੰਜਾਬ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਵੱਡੇ ਨਿਵੇਸ਼ ਦੀ ਲੋੜ ਹੈ। ਇਸ ਦੇ ਲਈ ਕਾਨੂੰਨ ਵਿਵਸਥਾ ਦਾ ਬਿਹਤਰ ਹੋਣਾ ਜ਼ਰੂਰੀ ਹੈ। ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਕੇਵਲ ਭਾਜਪਾ ਹੀ ਚਲਾ ਸਕਦੀ ਹੈ।

ਇਸ ਮੌਕੇ ਡਾ.ਵਿਜੇ ਸੋਨਕਰ ਸ਼ਾਸਤਰੀ ਦਾ ਪੰਜਾਬ ਭਾਜਪਾ ਦੀ ਕਾਰਜਕਾਰਣੀ ਦੇ ਮੈਂਬਰ ਰਾਕੇਸ਼ ਕਪੂਰ, ਵਿਜੇ ਦਾਨਵ, ਤੀਰਥ ਤਨੇਜਾ, ਰੋਹਿਤ ਸੋਨਕਰ, ਰਮਾ ਕਾਂਤ, ਕੁਲਵਿੰਦਰ ਸਿੰਘ, ਰੀਟਾ ਗੁਪਤਾ, ਦਿਨੇਸ਼ ਅਗਨੀਹੋਤਰੀ ਨੇ ਗੁਲਦਸਤਾ ਭੇਟ ਕਰਕੇ ਸਨਮਾਨਿਤ ਵੀ ਕੀਤਾ।

Add a Comment

Your email address will not be published. Required fields are marked *