ਦੇਸ਼ ਦਾ ਹਰ ਵਿਅਕਤੀ ਪ੍ਰਧਾਨ ਮੰਤਰੀ ਦੀ ਚੰਗੀ ਸਿਹਤ ਚਾਹੁੰਦੈ: ਪ੍ਰਿਯੰਕਾ
![](http://mehakewattan.com/wp-content/uploads/2023/04/2023_4largeimg_2066222587.jpg)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਟਿੱਪਣੀ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਦੀ ਕਬਰ ਖੋਦਣੀ ਚਾਹੁੰਦੀਆਂ ਹਨ, ਦਾ ਸਖ਼ਤ ਸਖ਼ਤ ਨੋਟਿਸ ਲੈਂਦਿਆਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਇਸ ਦੇਸ਼ ਵਿੱਚ ਅਜਿਹਾ ਕੋਈ ਵਿਅਕਤੀ ਨਹੀਂ ਹੋਵੇਗਾ ਜੋ ਪ੍ਰਧਾਨ ਮੰਤਰੀ ਦੀ ਚੰਗੀ ਸਿਹਤ ਤੇ ਲੰਮੀ ਉਮਰ ਨਾ ਚਾਹੁੰਦਾ ਹੋਵੇ।
ਅਜਿਹੇ ਬਿਆਨਾਂ ਨੂੰ ‘ਅਜੀਬ’ ਦੱਸਦਿਆਂ ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਚੋਣ ਮੁੱਦਾ ਹੈ? ਚੋਣ ਪ੍ਰਚਾਰ ਦੌਰਾਨ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਮੈਂ ਸੁਣਿਆ ਹੈ ਕਿ ਪ੍ਰਧਾਨ ਮੰਤਰੀ ਕਹਿ ਰਹੇ ਸਨ ਕਿ ਵਿਰੋਧੀ ਧਿਰ ਦੇ ਨੇਤਾ ਉਨ੍ਹਾਂ ਦੀ ਕਬਰ ਖੋਦਣੀ ਚਾਹੁੰਦੇ ਹਨ। ਇਹ ਕਿਸ ਤਰ੍ਹਾਂ ਦਾ ਬਿਆਨ ਹੈ? ਇਸ ਦੇਸ਼ ਵਿੱਚ ਅਜਿਹਾ ਕੋਈ ਨਹੀਂ ਹੋਵੇਗਾ ਜੋ ਪ੍ਰਧਾਨ ਮੰਤਰੀ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਨਾ ਚਾਹੇ।”
ਕਰਨਾਟਕ ਵਿੱਚ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਪ੍ਰਚਾਰ ਦੇ ਹਿੱਸੇ ਵਜੋਂ ਇੱਥੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ (ਲੋਕਾਂ ਨੂੰ) ਪੁੱਛਣਾ ਚਾਹੁੰਦੀ ਹਾਂ ਕਿ ਕੀ ਇਹ ਚੋਣ ਮੁੱਦਾ ਹੈ? ਉਹ ਅਜਿਹੇ ਅਜੀਬ ਮੁੱਦੇ ਚੁੱਕਦੇ ਹਨ ਪਰ ਉਹ ਤੁਹਾਡੇ ਬਾਰੇ ਗੱਲ ਕਿਉਂ ਨਹੀਂ ਕਰਦੇ। ਉਹ ਬੇਰੁਜ਼ਗਾਰੀ ਅਤੇ ਮਹਿੰਗਾਈ ਦੀ ਗੱਲ ਕਿਉਂ ਨਹੀਂ ਕਰਦੇ।’’ ਉਨ੍ਹਾਂ ਕਿਹਾ, ‘‘ਇਹ ਯਕੀਨੀ ਬਣਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਇਹ ਚੋਣ ਤੁਹਾਡੇ ਮੁੱਦਿਆਂ ’ਤੇ ਕੇਂਦਰਿਤ ਹੋਵੇ। ਇਹ ਚੋਣ ਮੋਦੀ ਜੀ ਬਾਰੇ ਨਹੀਂ ਹੈ। ਇਹ ਚੋਣ ਕਿਸੇ ਵੀ ਪਾਰਟੀ ਦੇ ਆਗੂ ਬਾਰੇ ਨਹੀਂ ਹੈ। ਇਹ ਚੋਣ ਤੁਹਾਡੇ ਕਰਨਾਟਕ ਬਾਰੇ ਹੈ।’’ ਉਨ੍ਹਾਂ ਕਿਹਾ ਕਿ ਜੇ ਕਰਨਾਟਕ ਦੇ ਲੋਕ ਇਹ ਗੱਲ ਨਾ ਸਮਝੇ ਤਾਂ ਉਹ ਬਹੁਤ ਵੱਡੀ ਗਲਤੀ ਕਰਨਗੇ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)
ਇਸ ਦੌਰਾਨ ਕਰਨਾਟਕ ਦੀ ਭਾਜਪਾ ਸਰਕਾਰ ’ਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲਾਉਂਦਿਆਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸੂਬੇ ’ਚੋਂ 1.5 ਲੱਖ ਕਰੋੜ ਰੁਪਏ ਲੁੱਟੇ ਗਏ ਹਨ। ਉਨ੍ਹਾਂ ਕਿਹਾ, ‘‘ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਸੂਬੇ ਵਿੱਚ ਮੌਜੂਦ 40 ਫੀਸਦ ਕਮਿਸ਼ਨ ਵਾਸੀ ਸਰਕਾਰ ਨੇ ਤੁਹਾਨੂੰ (ਜਨਤਾ) ਲੁੱਟਿਆ। ਉਨ੍ਹਾਂ ਨੇ ਤੁਹਾਨੂੰ ਬੇਸ਼ਰਮੀ ਨਾਲ ਲੁੱਟਿਆ।’’ ‘ਅਮੂਲ ਬਨਾਮ ਨੰਦਨੀ’ ਬਾਰੇ ਟਿੱਪਣੀ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਕਾਂਗਰਸ ਕਰਨਾਟਕ ਦੇ ‘ਨੰਦਨੀ’ ਬ੍ਰਾਂਡ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਨੰਦਨੀ ਕਰਨਾਟਕ ਦਾ ਮਾਣ ਹੈ, ਜਿਸ ਨੂੰ ਤਬਾਹ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਮਗਰੋਂ ਉਨ੍ਹਾਂਹਨੂਰ ਵਿੱਚ ਔਰਤਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਉਨ੍ਹਾਂ ਰੋਡ ਸ਼ੋਅ ਵੀ ਕੀਤਾ।