ਪਟਿਆਲਾ ਤੋਂ ਲੋਕ ਸਭਾ ਚੋਣ ਲੜਨ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ

ਪਟਿਆਲਾ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਕੌਰ ਸਿੱਧੂ ਨੇ ਅੱਜ ਇੱਥੇ ਗੱਲਬਾਤ ਦੌਰਾਨ ਆਖਿਆ ਹੈ ਕਿ ਜੇਕਰ ਕਾਂਗਰਸ ਉਨ੍ਹਾਂ ਨੂੰ ਪਟਿਆਲਾ ਤੋਂ ਲੋਕ ਸਭਾ ਚੋਣ ਲੜਨ ਲਈ ਟਿਕਟ ਦਿੰਦੀ ਹੈ ਤਾਂ ਉਹ ਡਟਕੇ ਲੜਾਈ ਲੜਨ ਲਈ ਤਿਆਰ ਹਨ। ਉਨ੍ਹਾਂ ਆਖਿਆ ਕਿ ਪਟਿਆਲਾ ਮੇਰੀ ਕਰਮ ਭੂਮੀ ਹੈ। 

ਮੈਡਮ ਨਵਜੋਤ ਕੌਰ ਸਿੰਧੂ ਨੇ ਆਖਿਆ ਕਿ ਅਸੀਂ ਕਾਂਗਰਸ ਦੀ ਸੇਵਾ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਸਾਨੂੰ ਕੋਈ ਵੱਡੇ ਅਹੁਦਿਆਂ ਦੀ ਲੋੜ ਨਹੀਂ ਹੈ। ਉਨ੍ਹਾਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਜਲਦ ਹੀ ਜੇਲ੍ਹ ਤੋਂ ਬਾਹਰ ਆ ਕੇ ਪੰਜਾਬ ਦੀ ਸੇਵਾ ਵਿਚ ਡਟਣਗੇ। ਉਨ੍ਹਾਂ ਲੰਘੇ ਸਮੇਂ ਮੌਜੂਦਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਪਾਰਟੀ ਤੋਂ ਬਾਹਰ ਕੱਢੇ ਗਏ ਸਾਬਕਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰਿੰਦਰ ਲਾਲੀ ਦੇ ਹੱਕ ਵਿਚ ਡਟਦਿਆਂ ਆਖਿਆ ਕਿ ਨਰਿੰਦਰ ਲਾਲੀ ਕਾਂਗਰਸ ਦਾ ਸੱਚਾ ਸੇਵਕ ਹੈ, ਜਿਸ ਨੂੰ ਕੋਈ ਅਹੁਦਿਆਂ ਦੀ ਲੋੜ ਨਹੀਂ ਤੇ ਇਹ ਹੁਣ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਹੀ ਆਪਣੀ ਮੁਹਿੰਮ ਆਰੰਭ ਕਰੇਗਾ।

ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਇੱਥੇ ਉਹ ਲੋਕ ਵੀ ਹਨ, ਜਿਨ੍ਹਾਂ ਨੇ ਪੰਜ-ਪੰਜ ਸਾਲ ਰਾਜ ਸੱਤਾ ਭੋਗੀ ਅਤੇ ਫਿਰ ਜਦੋਂ ਪਾਰਟੀ ਨੂੰ ਸਭ ਤੋਂ ਜ਼ਿਆਦਾ ਲੋੜ ਸੀ, ਉਦੋਂ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵੱਲ ਦੌੜ ਗਏ। ਉਨ੍ਹਾਂ ਆਖਿਆ ਕਿ ਅਜਿਹੇ ਨੇਤਾਵਾਂ ਨੂੰ ਹੁਣ ਪਟਿਆਲਾ ਤੇ ਸੂਬੇ ਦੇ ਲੋਕ ਮੂੰਹ ਨਹੀਂ ਲਗਾਉਣਗੇ।

ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਰਿੰਦਰ ਲਾਲੀ ਨੇ ਆਖਿਆ ਕਿ ਜੇਕਰ ਨਵਜੋਤ ਕੌਰ ਸਿੱਧੂ ਪਟਿਆਲਾ ਲੋਕ ਸਭਾ ਸੀਟ ਤੋਂ ਖੜ੍ਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਵੱਡੀ ਜਿੱਤ ਦਿਵਾ ਕੇ ਭੇਜਿਆ ਜਾਵੇਗਾ। ਉਨ੍ਹਾਂ ਆਖਿਆ ਕਿ ਪਟਿਆਲਾ ਤੋਂ ਮੈਡਮ ਸਿੱਧੂ ਹੀ ਇਕ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਦਾ ਕੋਈ ਵੀ ਮੁਕਾਬਲਾ ਨਹੀਂ ਕੀਤਾ ਜਾ ਸਕਦਾ।

Add a Comment

Your email address will not be published. Required fields are marked *