ਪੰਜਾਬ ‘ਚ ਗੈਰ-ਕਾਨੂੰਨੀ ਢੰਗ ਨਾਲ ਬਣ ਰਹੀ Scotch-Whiskey

ਚੰਡੀਗੜ੍ਹ: ਬੀਤੇ ਦਿਨੀਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਸਕਾਚ ਵਿਸਕੀ ਦੇ ਗੈਰ-ਕਾਨੂੰਨੀ ਢੰਗ ਨਾਲ ਨਿਰਮਾਣ ਅਤੇ ਵਿਕਰੀ ਕੀਤੇ ਜਾਣ ਸਬੰਧੀ ਖੁਫੀਆ ਜਾਣਕਾਰੀ ਮਿਲਣ ‘ਤੇ ਆਬਕਾਰੀ ਅਤੇ ਕਰ ਵਿਭਾਗ ਵੱਲੋਂ 6 ਅਤੇ 7 ਸਤੰਬਰ ਦੀ ਦਰਮਿਆਨੀ ਰਾਤ ਨੂੰ ਜ਼ਿਲ੍ਹੇ ‘ਚ ਇਕ ਅਹਿਮ ਅਪ੍ਰੇਸ਼ਨ ਕੀਤਾ ਗਿਆ ਜਿਸ ਦੌਰਾਨ ਇਸ ਧੰਦੇ ਵਿਚ ਸ਼ਾਮਲ ਮੁੱਖ ਮੁਲਜ਼ਮ ਰਾਜਵੀਰ ਸਿੰਘ ਅਤੇ ਉਸ ਦੇ ਸਾਥੀ ਸ਼ਿਵਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਗੈਰ-ਕਾਨੂੰਨੀ ਢੰਗ ਨਾਲ ਤਿਆਰ ਕੀਤੀਆਂ ਸਕਾਚ ਵਿਸਕੀ ਦੀਆਂ 10 ਪੇਟੀਆਂ ਜ਼ਬਤ ਕੀਤੀਆਂ ਗਈਆਂ। ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਆਪ੍ਰੇਸ਼ਨ ਹੋਰਨਾਂ ਲਈ ਵੀ ਸਪਸ਼ਟ ਇਸ਼ਾਰਾ ਹੈ ਕਿ ਇਸ ਗੈਰ-ਕਾਨੂੰਨੀ ਧੰਦੇ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸ਼ਰਾਬ ਦੀ ਢੋਆ-ਢੁਆਈ ‘ਤੇ ਵਿਭਾਗ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿਭਾਗ ਨੂੰ ਆਪਣੇ ਖੁਫੀਆ ਨੈੱਟਵਰਕ ਰਾਹੀਂ ਅੰਮ੍ਰਿਤਸਰ ਜ਼ਿਲ੍ਹੇ ਅਤੇ ਇਸ ਦੇ ਆਸ-ਪਾਸ ਸਕਾਚ ਵਿਸਕੀ ਖਾਸ ਤੌਰ ‘ਤੇ ਇਕ ਵਿਸ਼ੇਸ਼ ਬ੍ਰਾਂਡ ਦੇ ਗੈਰ-ਕਾਨੂੰਨੀ ਉਤਪਾਦਨ ਅਤੇ ਵਿਕਰੀ ਸਬੰਧੀ ਸੂਚਨਾਵਾਂ ਪ੍ਰਾਪਤ ਹੋਈਆ ਸਨ। ਇੰਨ੍ਹਾਂ ਸੂਚਨਾਵਾਂ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੀ ਸਿੱਧੀ ਨਿਗਰਾਨੀ ਹੇਠ ਵਿਭਾਗ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸ.ਓ.ਜੀ) ਨੇ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਸ਼ੱਕੀ ਵਿਅਕਤੀਆਂ ਅਤੇ ਸਬੰਧਤ ਇਲਾਕਿਆਂ ਦੀ ਵਿਆਪਕ ਨਿਗਰਾਨੀ ਅਤੇ ਪੜਤਾਲ ਕੀਤੀ।

ਹੋਰ ਵੇਰਵਿਆਂ ਦਾ ਖੁਲਾਸਾ ਕਰਦੇ ਹੋਏ ਚੀਮਾ ਨੇ ਦੱਸਿਆ ਕਿ ਐੱਸ.ਓ.ਜੀ ਨੇ ਸਫਲਤਾਪੂਰਵਕ ਇਕ ਟਰੈਪ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਜਿਸ ਦੌਰਾਨ ਮੁੱਖ ਮੁਲਜ਼ਮ ਰਾਜਵੀਰ ਸਿੰਘ ਨੂੰ 10 ਪੇਟੀਆਂ ਗੈਰ-ਕਾਨੂੰਨੀ ਬੋਤਲਾਂ ਸਕਾਚ ਵਿਸਕੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਅਗਲੀ ਪੁੱਛਗਿੱਛ ਦੌਰਾਨ ਉਸ ਨੇ ਆਪਣੇ ਦੋ ਸਾਥੀਆਂ ਸ਼ਿਵਮ ਅਤੇ ਜਸਪਾਲ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਜੋ ਖਾਸਾ, ਅੰਮ੍ਰਿਤਸਰ ਵਿਖੇ ਸਥਿਤ ਖਾਸਾ ਡਿਸਟਿਲਰੀ ਅਤੇ ਬੋਟਲਿੰਗ ਪਲਾਂਟ ਤੋਂ ਸ਼ਰਾਬ ਬਣਾਉਣ ਲਈ ਲੋੜੀਂਦੇ ਕੱਚੇ ਮਾਲ ਦੀ ਸਪਲਾਈ ਕਰਦੇ ਸਨ।

Add a Comment

Your email address will not be published. Required fields are marked *