ਪੰਜਾਬ ’ਚ ‘ਹੱਥ ਨਾਲ ਹੱਥ ਜੋੜੋ’ ਮੁਹਿੰਮ ਦੀ ਸ਼ੁਰੂਆਤ ਜਲਦੀ: ਵੜਿੰਗ

ਸੰਗਰੂਰ, 16 ਫਰਵਰੀ-: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਆਉਣ ਵਾਲੇ ਤਿੰਨ-ਚਾਰ ਦਿਨਾਂ ਵਿਚ ‘ਹੱਥ ਨਾਲ ਹੱਥ ਜੋੜੋ’ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੁਹਿੰਮ ਦੌਰਾਨ ਰਾਹੁਲ ਗਾਂਧੀ ਵੱਲੋਂ ਲਿਖੀ ਚਿੱਠੀ ਪੰਜਾਬ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਦੇ ਘਰ-ਘਰ ਪਹੁੰਚਾਈ ਜਾਵੇਗੀ ਅਤੇ ਭਾਜਪਾ ਦੀ ਤਿਆਰ ਕੀਤੀ ਚਾਰਜ਼ਸੀਟ ਵੀ ਘਰ-ਘਰ ਵੰਡ ਕੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਕਿ ਕਿਵੇਂ ਭਾਜਪਾ ਨੇ ਦੇਸ਼ ਨਾਲ ਧੋਖਾ ਕੀਤਾ ਹੈ।

ਰਾਜਾ ਵੜਿੰਗ ਨੇ ਇਸ ਮੁਹਿੰਮ ਦੀ ਤਿਆਰੀ ਲਈ ਜ਼ਿਲ੍ਹਾ ਕਾਂਗਰਸ ਪ੍ਰਧਾਨ ਦਲਵੀਰ ਸਿੰਘ ਗੋਲਡੀ ਦੀ ਅਗਵਾਈ ਹੇਠ ਬਲਾਕ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੱਥ ਨਾਲ ਹੱਥ ਜੋੜੋ ਮੁਹਿੰਮ ਤਹਿਤ ਪਾਰਟੀ ਵਰਕਰਾਂ ਨੂੰ ਤਕੜੇ ਹੋ ਕੇ ਦੇਸ਼ ਨੂੰ ਬਚਾਉਣ ਦੀ ਲੜਾਈ ਲੜਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ‘ਆਪ’ ਸਰਕਾਰ ਦੀਆਂ ਨਾਕਾਮੀਆਂ ਨੂੰ ਵੀ ਘਰ-ਘਰ ਪਹੁੰਚਾਇਆ ਜਾਵੇਗਾ। ਇਸ ਮੁਹਿੰਮ ਵਿਚ ਪੰਜਾਬ ਕਾਂਗਰਸ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਸ਼ਾਮਲ ਹੋਵੇਗੀ ਅਤੇ ਘਰ-ਘਰ ਪ੍ਰਚਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰ ਜ਼ਿਲ੍ਹੇ, ਹਰ ਕਸਬੇ ਅਤੇ ਹਰ ਬਲਾਕ ਵਿਚ ਮੁਹਿੰਮ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ‘ਆਪ’ ਸਰਕਾਰ ਵੱਲੋਂ ਪਿੰਡ-ਪਿੰਡ ਖੋਲ੍ਹੇ ਜਾ ਰਹੇ ਆਮ ਆਦਮੀ ਕਲੀਨਿਕਾਂ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ 16-16 ਲੱਖ ਮੁਹੱਲਾ ਕਲੀਨਿਕਾਂ ’ਤੇ ਖਰਚ ਕਰਨ ਦੀ ਥਾਂ ਸਾਰਾ ਪੈਸਾ ਜ਼ਿਲ੍ਹੇ ਵਿਚ ਇੱਕ ਮੁੱਖ ਹਸਪਤਾਲ ’ਤੇ ਖਰਚ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਚੰਡੀਗੜ੍ਹ ਜਾਂ ਹੋਰ ਵੱਡੇ ਪ੍ਰਾਈਵੇਟ ਹਸਪਤਾਲਾਂ ਵਿਚ ਨਾ ਜਾਣਾ ਪਵੇ। ਕੇਂਦਰੀ ਮੰਤਰੀ ਵੱਲੋਂ ਪੰਜਾਬ ਨੂੰ ਦਿੱਤਾ ਜਾਣ ਵਾਲਾ ਫੰਡ ਰੋਕੇ ਜਾਣ ਦੀ ਦਿੱਤੀ ਚਿਤਾਵਨੀ ’ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਫੰਡ ਮੰਤਰੀ ਦਾ ਕੋਈ ਨਿੱਜੀ ਫੰਡ ਨਹੀਂ ਹੈ ਅਤੇ ਨਾ ਹੀ ਫੰਡ ਮੰਤਰੀ ਨੇ ਇਕੱਠਾ ਕੀਤਾ ਹੈ ਸਗੋਂ ਇਹ ਲੋਕਾਂ ਦਾ ਪੈਸਾ ਹੈ। ਪੰਜਾਬ ’ਚੋਂ ਟੈਕਸ ਵਸੂਲ ਕੇ ਇਹ ਪੈਸਾ ਕੇਂਦਰ ਨੂੰ ਜਾਂਦਾ ਹੈ ਅਤੇ ਫ਼ਿਰ ਰਾਜ ਨੂੰ ਵੰਡਿਆ ਜਾਂਦਾ ਹੈ।

Add a Comment

Your email address will not be published. Required fields are marked *