ਕੈਪਟਨ ਤੇ ਚੰਨੀ ਸਰਕਾਰ ਵੇਲੇ ਕੈਬਨਿਟ ਮੰਤਰੀ ਰਹੇ ਕਾਂਗਰਸੀ ਆਗੂ ਦੇ ਘਰ ਵਿਜੀਲੈਂਸ ਦੀ ਰੇਡ

ਬਠਿੰਡਾ- ਪੰਜਾਬ ਦੀ ਸਾਬਕਾ ਕੈਪਟਨ ਸਰਕਾਰ ਅਤੇ ਚੰਨੀ ਸਰਕਾਰ ’ਚ ਕੈਬਨਿਟ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਵਿਜੀਲੈਂਸ ਦੀ ਟੀਮ ਨੇ ਰੇਡ ਕੀਤੀ। ਜਾਣਕਾਰੀ ਅਨੁਸਾਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਾਂਗੜ ਪਹਿਲਾ ਹੀ ਕਰ ਰਹੇ ਹਨ l ਵਿਜੀਲੈਂਸ ਵਿਭਾਗ ਚੰਡੀਗੜ੍ਹ ਅਤੇ ਬਠਿੰਡਾ ਦੀ ਸਾਂਝੀ ਟੀਮ ਅੱਜ ਸਾਬਕਾ ਮੰਤਰੀ ਦੇ ਪਿੰਡ ਕਾਂਗੜ ਪੁੱਜੀ, ਜਿੱਥੇ ਉਨ੍ਹਾਂ ਸਾਬਕਾ ਮੰਤਰੀ ਵੱਲੋਂ ਉਸਾਰੇ ਗਏ ਮਹਿਲ ਦੀ ਪੈਮਾਇਸ਼ ਕੀਤੀ। ਵਿਜੀਲੈਂਸ ਵਿਭਾਗ ਪਹਿਲਾ ਵੀ ਕਾਂਗੜ ਤੋਂ ਕਈ ਵਾਰ ਪੁੱਛਗਿੱਛ ਕਰ ਚੁੱਕਿਆ ਹੈ ਪਰ ਅਜੇ ਤਕ ਉਨ੍ਹਾਂ ਦੀ ਤਸੱਲੀ ਨਹੀਂ ਹੋਈ।

ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਵਿਜੀਲੈਂਸ ਵਿਭਾਗ ਦੀ ਟੈਕਨੀਕਲ ਟੀਮ ਡੀ. ਐੱਸ. ਪੀ. ਵਿਜੀਲੈਂਸ ਬਠਿੰਡਾ ਕੁਲਵੰਤ ਸਿੰਘ ਦੀ ਅਗਵਾਈ ਹੇਠ ਪਿੰਡ ਕਾਂਗੜ ਪੁੱਜੀ। ਇਸ ਦੌਰਾਨ ਵਿਜੀਲੈਂਸ ਟੀਮ ਨੇ ਗੁਰਪ੍ਰੀਤ ਕਾਂਗੜ ਵੱਲੋਂ ਪਿੰਡ ’ਚ ਹੀ ਉਸਾਰੇ ਗਏ ਮਹਿਲ ਦੀ ਪੈਮਾਇਸ਼ ਸ਼ੁਰੂ ਕਰ ਦਿੱਤੀ। ਵਿਜੀਲੈਂਸ ਸੂਤਰਾਂ ਅਨੁਸਾਰ ਪੈਮਾਇਸ਼ ਮੌਕੇ ਗੁਰਪ੍ਰੀਤ ਕਾਂਗੜ ਦੇ ਪੁੱਤਰ ਜੈਸੀ ਕਾਂਗੜ ਮੌਜੂਦ ਸਨ। ਕਾਂਗੜ ਦੇ ਪੁੱਤਰ ਜੈਸੀ ਦੇ ਘਰੋਂ ਚਲੇ ਜਾਣ ਕਾਰਨ ਵਿਜੀਲੈਂਸ ਟੀਮ ਦੀ ਜਾਂਚ ਅਧੂਰੀ ਰਹੀ। ਹੁਣ ਵਿਜੀਲੈਂਸ ਦੀ ਟੈਕਨੀਕਲ ਟੀਮ ਦੁਬਾਰਾ ਕਾਂਗੜ ਦੇ ਮਹਿਲ ਦੀ ਪੈਮਾਇਸ਼ ਕਰੇਗੀ।

ਡੀ.ਐੱਸ.ਪੀ. ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਚੰਡੀਗੜ੍ਹ ਅਤੇ ਬਠਿੰਡਾ ਦੀਆਂ ਟੀਮਾਂ ਨੇ ਪਿੰਡ ਕਾਂਗੜ ਪੁੱਜ ਕੇ ਉਨ੍ਹਾਂ ਦੇ ਘਰ ਦੀ ਮਿਣਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵਿਭਾਗ ਦੇ ਸਿਵਲ ਵਿੰਗ, ਜਿਸ ’ਚ ਬੀ. ਐੱਡ. ਆਰ. ਦੇ ਐਕਸੀਅਨ ਸ਼ਾਮਲ ਸਨ ਨੇ ਘਰ ਦੀ ਪੈਮਾਇਸ਼ ਕਰੀਬ 90 ਫੀਸਦੀ ਕਰ ਲਈ ਸੀ ਪਰ ਬਾਅਦ ਵਿਚ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਪੁੱਤਰ ਹਰਮਨਵੀਰ ਸਿੰਘ ਜੈਸੀ ਕਾਂਗੜ ਘਰੋਂ ਚਲੇ ਗਏ ਅਤੇ ਉਨ੍ਹਾਂ ਸਹਿਯੋਗ ਨਹੀਂ ਦਿੱਤਾ, ਜਿਸ ਕਾਰਨ ਪੈਮਾਇਸ਼ ਬੰਦ ਕਰਨੀ ਪਈ।

ਡੀ.ਐੱਸ.ਪੀ. ਨੇ ਦੱਸਿਆ ਕਿ ਪੈਮਾਇਸ਼ ਸਬੰਧੀ ਗੁਰਪ੍ਰੀਤ ਕਾਂਗੜ ਨੂੰ ਪਹਿਲਾਂ ਦੱਸਿਆ ਗਿਆ ਸੀ ਪਰ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਅਚਾਨਕ ਬਾਹਰ ਜਾਣਾ ਪਿਆ, ਜਿਸ ਕਾਰਨ ਉਨ੍ਹਾਂ ਪੁੱਤਰ ਅਤੇ ਦੋਸਤ ਦੀ ਹਾਜ਼ਰੀ ’ਚ ਟੀਮ ਘਰ ਦੀ ਗਿਣਤੀ ਮਿਣਤੀ ਕਰ ਲਵੇ, ਜਿਸ ਤੋਂ ਬਾਅਦ ਟੀਮ ਮਿਣਤੀ ਕਰ ਰਹੀ ਸੀ ਪਰ ਅਚਾਨਕ ਕਾਂਗੜ ਦੇ ਪੁੱਤਰ ਨੇ ਸਹਿਯੋਗ ਕਰਨਾ ਬੰਦ ਕਰ ਦਿੱਤਾ ਅਤੇ ਉਹ ਘਰੋਂ ਚਲੇ, ਜਿਸ ਕਾਰਨ ਕਾਰਵਾਈ ਇਕ ਵਾਰ ਬੰਦ ਕਰ ਦਿੱਤੀ। ਹੁਣ ਦੁਬਾਰਾ ਫ਼ਿਰ ਘਰ ਦੀ ਮਿਣਤੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਾਲ 2022 ’ਚ ਗੁਰਪ੍ਰੀਤ ਕਾਂਗੜ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ ਸਨ ਪਰ ਪਿਛਲੇ ਸਾਲ ਉਹ ਮੁੜ ਕਾਂਗਰਸ ’ਚ ਆ ਗਏ ਸਨ।

Add a Comment

Your email address will not be published. Required fields are marked *