ਸਿਰਫ਼ ਦਰਸ਼ਕਾਂ ਕੋਲ ਹੀ ਕਿਸੇ ਨੂੰ ਸਟਾਰ ਬਣਾਉਣ ਦੀ ਤਾਕਤ ਹੁੰਦੀ ਹੈ: ਆਦਿੱਤਿਆ ਚੋਪੜਾ

ਮੁੰਬਈ:ਫਿਲਮ ਨਿਰਮਾਤਾ ਤੇ ਨਿਰਦੇਸ਼ਕ ਆਦਿੱਤਿਆ ਚੋਪੜਾ ਨੇ ਆਪਣੇ ਭਰਾ ਉਦੈ ਚੋਪੜਾ ਦੇ ਸਫ਼ਲ ਅਦਾਕਾਰ ਨਾ ਬਣ ਸਕਣ ਬਾਰੇ ਆਪਣੀ ਰਾਏ ਸਾਂਝੀ ਕਰਦਿਆਂ ਕਿਹਾ, ‘‘ਵਿਸ਼ੇਸ਼ ਅਧਿਕਾਰ ਤੁਹਾਡੇ ਲਈ ਇਸ ਫਿਲਮ ਸਨਅਤ ਵਿੱਚ ਸਿਰਫ਼ ਪਹਿਲਾ ਦਰਵਾਜ਼ਾ ਖੋਲ੍ਹ ਸਕਦੇ ਹਨ, ਉਸ ਤੋਂ ਬਾਅਦ ਸਿਰਫ਼ ਦਰਸ਼ਕ ਹੀ ਇਹ ਫ਼ੈਸਲਾ ਕਰਦੇ ਹਨ ਕਿ ਉਹ ਕਿਸ ਨੂੰ ਦੇਖਣਾ ਚਾਹੁੰਦੇ ਹਨ।’’ ਹਾਲ ਹੀ ਵਿੱਚ ਨੈੱਟਫਲਿਕਸ ’ਤੇ ਰਿਲੀਜ਼ ਹੋਈ ਦਸਤਾਵੇਜ਼ੀ ਲੜੀ ‘ਦਿ ਰੋਮੈਂਟਿਕਸ’ ਵਿੱਚ ਗੱਲਬਾਤ ਦੌਰਾਨ ਆਦਿੱਤਿਆ ਚੋਪੜਾ ਨੇ ਕਿਹਾ, ‘‘ਲੋਕ ਅਕਸਰ ਇੱਕ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹਨ ਕਿ ਬੇਸ਼ੱਕ ਤੁਸੀਂ ਕਿਸੇ ਵਿਸ਼ੇਸ਼ ਪਰਿਵਾਰ ’ਚੋਂ ਆਏ ਹੋ, ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਾਮਯਾਬ ਵੀ ਹੋਵੋਗੇ। ਮੈਂ ਇਸ ਦੀ ਉਦਹਾਰਣ ਆਪਣੇ ਪਰਿਵਾਰ ਵਿੱਚੋਂ ਹੀ ਦੇ ਸਕਦਾ ਹਾਂ।’’ ਆਦਿਤਿਆ ਨੇ ਕਿਹਾ, ‘‘ਮੇਰਾ ਭਰਾ ਇੱਕ ਅਦਾਕਾਰ ਹੈ, ਪਰ ਉਹ ਇੱਕ ਸਫ਼ਲ ਅਦਾਕਾਰ ਨਹੀਂ ਹੈ। ਇਸ ਫਿਲਮ ਜਗਤ ਵਿੱਚ ਸਭ ਤੋਂ ਸਫ਼ਲ ਤੇ ਵੱਡੇ ਪੱਧਰ ਦੀਆਂ ਫਿਲਮਾਂ ਬਣਾਉਣ ਵਾਲਿਆਂ ਵਿੱਚੋਂ ਇੱਕ ਦਾ ਪੁੱਤਰ ਤੇ ਸਫ਼ਲ ਫਿਲਮਾਂ ਦੇਣ ਵਾਲੇ ਫਿਲਮ ਨਿਰਮਾਤਾ ਦਾ ਭਰਾ। ਯਸ਼ ਰਾਜ ਫਿਲਮਜ਼ ਜਿਸ ਨੇ ਅਣਗਿਣਤ ਨਵੇਂ ਚਹਿਰੇ ਫਿਲਮ ਜਗਤ ਨੂੰ ਦਿੱਤੇ ਹਨ, ਅਸੀਂ ਉਸ ਨੂੰ ਸਫ਼ਲ ਅਦਾਕਾਰ ਨਹੀਂ ਬਣਾ ਸਕੇ।’’ ਆਦਿੱਤਿਆ ਨੇ ਕਿਹਾ, ‘‘ਸਿਰਫ਼ ਦਰਸ਼ਕਾਂ ਕੋਲ ਕਿਸੇ ਨੂੰ ਸਟਾਰ ਬਣਾਉਣ ਦੀ ਤਾਕਤ ਹੁੰਦੀ ਹੈ। ਦਰਸ਼ਕ ਹੀ ਇਹ ਫ਼ੈਸਲਾ ਲੈਂਦੇ ਹਨ ਕਿ ਉਹ ਕਿਸ ਅਦਾਕਾਰ ਨੂੰ ਦੇਖਣਾ ਪਸੰਦ ਕਰਦੇ ਹਨ ਤੇ ਕਿਸ ਨੂੰ ਨਹੀਂ।’’

Add a Comment

Your email address will not be published. Required fields are marked *