TV ‘ਤੇ ਵਾਪਸੀ ਕਰਨ ਲਈ ਤਿਆਰ ਕੁਸ਼ਾਲ ਟੰਡਨ, ਏਕਤਾ ਕਪੂਰ ਦੇ ਇਸ ਸ਼ੋਅ ‘ਚ ਆਉਣਗੇ ਨਜ਼ਰ

ਮੁੰਬਈ- ਟੀ.ਵੀ. ਦੇ ਮੰਨੇ-ਪ੍ਰਮੰਨੇ ਅਭਿਨੇਤਾਵਾਂ ‘ਚੋਂ ਇੱਕ ਕੁਸ਼ਾਲ ਟੰਡਨ ਇੱਕ ਵਾਰ ਫਿਰ ਟੀ.ਵੀ. ਦੀ ਦੁਨੀਆ ‘ਚ ਵਾਪਸੀ ਕਰ ਰਹੇ ਹਨ। ਕੁਸ਼ਾਲ ਟੰਡਨ ਚੋਣਵੇਂ ਪ੍ਰੋਜੈਕਟ ਕਰਦੇ ਹਨ ਪਰ ਉਨ੍ਹਾਂ ਦਾ ਹਰ ਸ਼ੋਅ ਆਪਣੀ ਛਾਪ ਛੱਡਣ ‘ਚ ਕਾਮਯਾਬ ਰਿਹਾ ਹੈ। ਅਭਿਨੇਤਾ ਆਪਣੀ ਅਦਾਕਾਰੀ ਅਤੇ ਲੁੱਕ ਨਾਲ ਲੋਕਾਂ ਦਾ ਦਿਲ ਜਿੱਤਣ ‘ਚ ਕਾਫ਼ੀ ਮਾਹਰ ਹਨ।

ਹੁਣ ਖ਼ਬਰ ਆਈ ਹੈ ਕਿ ਕੁਸ਼ਾਲ ਟੰਡਨ ਨੂੰ ਏਕਤਾ ਕਪੂਰ ਦੁਆਰਾ ਇੱਕ ਹੋਰ ਚੈਨਲ ਲਈ ਤਿਆਰ ਕੀਤੇ ਗਏ ਇੱਕ ਹੋਰ ਟੀ.ਵੀ. ਸ਼ੋਅ ‘ਚ ਮੁੱਖ ਭੂਮਿਕਾ ਨਿਭਾਉਣ ਲਈ ਸ਼ਾਮਲ ਕੀਤਾ ਗਿਆ ਹੈ। ਸ਼ੋਅ ‘ਬੇਹੱਦ’ ਤੋਂ ਬਾਅਦ ਅਦਾਕਾਰ ਨੇ ਕੋਈ ਟੀ.ਵੀ. ਸ਼ੋਅ ਨਹੀਂ ਕੀਤਾ। ਇਹ ਸ਼ੋਅ ਇੱਕ ਕਲਟ ਥ੍ਰੀਲਰ ਸੀ ਅਤੇ ਪ੍ਰਸ਼ੰਸਕ ਜੈਨੀਫਰ ਵਿੰਗੇਟ ਅਤੇ ਉਨ੍ਹਾਂ ਦੀ ਕੈਮਿਸਟਰੀ ਦੇ ਦੀਵਾਨੇ ਹੋ ਗਏ ਸਨ। ਕੁਸ਼ਾਲ ਟੰਡਨ ਸ਼ੋਅ ‘ਬੇਕਾਬੂ’ ‘ਚ ਈਸ਼ਾ ਸਿੰਘ ਨਾਲ ਰੋਮਾਂਸ ਕਰਨ ਵਾਲੇ ਸਨ ਪਰ ਇਹ ਸ਼ੋਅ ਸ਼ਾਲਿਨ ਭਨੋਟ ਦੇ ਕੋਲ ਚਲਾ ਗਿਆ।

ਕੁਸ਼ਾਲ ਟੰਡਨ ਇੱਕ ਨਵੇਂ ਸ਼ੋਅ ‘ਚ ਮੁੱਖ ਭੂਮਿਕਾ ਨਿਭਾਉਣ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਲਵ ਸਟੋਰੀ ਹੈ ਅਤੇ ਕੁਸ਼ਾਲ ਇਸ ਲਈ ਪਰਫੈਕਟ ਚੁਆਇਸ ਹਨ। ਮੇਕਰਸ ਹੁਣ ਫੀਮੇਲ ਲੀਡ ਰੋਲ ਕਰਨ ਲਈ ਇੱਕ ਅਭਿਨੇਤਰੀ ਦੀ ਭਾਲ ‘ਚ ਹਨ। ਆਉਣ ਵਾਲੇ ਮਹੀਨੇ ਸ਼ੋਅ ਦੇ ਆਨਸਕ੍ਰੀਨ ਆਉਣ ਦੀ ਉਮੀਦ ਹੈ। ਜੇਕਰ ਇਹ ਸੱਚ ਹੈ ਤਾਂ ਹੈਂਡਸਮ ਹੰਕ ਦੇ ਸਾਰੇ ਪ੍ਰਸ਼ੰਸਕਾਂ ਲਈ ਇਹ ਚੰਗੀ ਖ਼ਬਰ ਹੈ।

ਕਾਫ਼ੀ ਸਮੇਂ ਤੋਂ ਕੁਸ਼ਾਲ ਟੰਡਨ ਟੀ.ਵੀ. ਤੋਂ ਦੂਰ ਸਨ ਅਤੇ ਓ.ਟੀ.ਟੀ. ‘ਤੇ ਬਹੁਤ ਸਰਗਰਮ। ਏਕਤਾ ਕਪੂਰ ਦੀ ਫਿਲਮ ‘ਬੇਬਾਕੀ’ ‘ਚ ਕੁਸ਼ਾਲ ਟੰਡਨ ਨੂੰ ਸੂਫੀਆਨ ਦੇ ਰੂਪ ‘ਚ ਕਾਫ਼ੀ ਪਸੰਦ ਕੀਤਾ ਗਿਆ ਸੀ। ਨਾਲ ਹੀ, ਪ੍ਰਸ਼ੰਸਕ ਹੁਣ ਉਨ੍ਹਾਂ ਨੂੰ ਦੂਜੇ ਸੀਜ਼ਨ ‘ਚ ਵੀ ਦੇਖਣਾ ਚਾਹੁੰਦੇ ਹਨ।
ਪ੍ਰਸ਼ੰਸਕ ਕੁਸ਼ਾਲ ਨੂੰ ਇਕ ਵਾਰ ਫਿਰ ਟੀ.ਵੀ. ‘ਤੇ ਦੇਖਣ ਲਈ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੂੰ ਛੇਤੀ ਹੀ ਛੋਟੇ ਪਰਦੇ ‘ਤੇ ਦੇਖਣਾ ਚਾਹੁੰਦੇ ਹਨ।

Add a Comment

Your email address will not be published. Required fields are marked *